#INDIA

ਭਾਜਪਾ ਆਗੂ ਦੇ ਕਤਲ ਮਾਮਲੇ ‘ਚ ਪੀ.ਐੱਫ.ਆਈ. ਨਾਲ ਜੁੜੇ 15 ਜਣੇ ਦੋਸ਼ੀ ਕਰਾਰ

ਅਲਪੂਜ਼ਾ (ਕੇਰਲਾ), 20 ਜਨਵਰੀ (ਪੰਜਾਬ ਮੇਲ)- ਕੇਰਲਾ ਦੀ ਅਦਾਲਤ ਨੇ ਤੱਟੀ ਜ਼ਿਲ੍ਹੇ ਅਲਪੂਜ਼ਾ ਵਿਚ ਦਸੰਬਰ 2021 ‘ਚ ਭਾਜਪਾ ਦੇ ਹੋਰ ਪੱਛੜਾ ਵਰਗ (ਓ.ਬੀ.ਸੀ.) ਮੋਰਚਾ ਦੇ ਇੱਕ ਆਗੂ ਦੀ ਹੱਤਿਆ ਦੇ ਮਾਮਲੇ ਵਿਚ ਅੱਜ 15 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀ ਠਹਿਰਾਏ ਗਏ ਮੁਲਜ਼ਮਾਂ ਦਾ ਸਬੰਧ ਹੁਣ ਪਾਬੰਦੀਸ਼ੁਦਾ ਇਸਲਾਮਕ ਗਰੁੱਪ ‘ਪਾਪੂਲਰ ਫਰੰਟ ਆਫ ਇੰਡੀਆ’ (ਪੀ.ਐੱਫ.ਆਈ.) ਨਾਲ ਹੈ। ਦੋਸ਼ ਹੈ ਕਿ ਪੀ.ਐੱਫ.ਆਈ. ਅਤੇ ‘ਸੋਸ਼ਲ ਡੈਮੋਕਰੈਟਿਕ ਪਾਰਟੀ ਆਫ ਇੰਡੀਆ (ਐੱਸ.ਡੀ.ਪੀ.ਆਈ.) ਨਾਲ ਜੁੜੇ ਕਾਰਕੁਨਾਂ ਨੇ 19 ਦਸੰਬਰ 2021 ਨੂੰ ਭਾਜਪਾ ਦੇ ਓ.ਬੀ.ਸੀ. ਮੋਰਚਾ ਦੇ ਸੂਬਾ ਸਕੱਤਰ ਰਣਜੀਤ ਸ੍ਰੀਨਿਵਾਸਨ ਦੇ ਘਰ ਵਿਚ ਉਨ੍ਹਾਂ ਦੇ ਪਰਿਵਾਰ ਸਾਹਮਣੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਮਗਰੋਂ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿਚ ਮਾਵੇਲਿੱਕਾਰਾ ਦੀ ਵਧੀਕ ਜ਼ਿਲ੍ਹਾ ਸੈਸ਼ਨ ਅਦਾਲਤ ਨੰਬਰ-1 ਨੇ ਫ਼ੈਸਲਾ ਸੁਣਾਇਆ ਹੈ।