#EUROPE

ਬ੍ਰਿਟੇਨ ਸਰਕਾਰ ਵੱਲੋਂ VISA ਨਿਯਮ ‘ਚ ਤਬਦੀਲੀ ਕਰਨ ਦਾ ਫੈਸਲਾ

-ਨਵੇਂ ਫੈਸਲੇ ਨਾਲ 50 ਹਜ਼ਾਰ ਭਾਰਤੀ ਹੋਣਗੇ ਪ੍ਰਭਾਵਿਤ
-ਭਾਰਤੀ ਵਿਦਿਆਰਥੀਆਂ ਤੋਂ ਬਾਅਦ ਹੁਣ ਆਈ.ਟੀ. ਪੇਸ਼ੇਵਰਾਂ ‘ਤੇ ਨਿਸ਼ਾਨਾ
ਲੰਡਨ, 27 ਮਾਰਚ (ਪੰਜਾਬ ਮੇਲ)- ਬ੍ਰਿਟੇਨ ਸਰਕਾਰ ਇਮੀਗ੍ਰੇਸ਼ਨ ਨਿਯਮਾਂ ‘ਚ ਤਬਦੀਲੀ ਕਰ ਰਹੀ ਹੈ। ਇਸ ਤਬਦੀਲੀ ਨਾਲ ਵਿਦਿਆਰਥੀਆਂ ਤੋਂ ਬਾਅਦ ਹਜ਼ਾਰਾਂ ਭਾਰਤੀ ਪ੍ਰਭਾਵਿਤ ਹੋਣਗੇ। ਬ੍ਰਿਟੇਨ ਵਿਚ 4 ਅਪ੍ਰੈਲ ਤੋਂ ਸਿਰਫ ਉਨ੍ਹਾਂ ਆਈ.ਟੀ. ਪੇਸ਼ੇਵਰਾਂ ਨੂੰ ਸਕਿਲਡ ਵਰਕ ਵੀਜ਼ਾ ਮਿਲੇਗਾ, ਜਿਨ੍ਹਾਂ ਦਾ ਸਾਲਾਨਾ ਤਨਖਾਹ ਪੈਕੇਜ ਘੱਟੋ-ਘੱਟ 52 ਲੱਖ ਰੁਪਏ ਹੋਵੇਗਾ। ਹੁਣ ਤੱਕ ਇਹ ਸੀਮਾ 35 ਲੱਖ ਸੀ। ਨਵੇਂ ਫ਼ੈਸਲੇ ਨਾਲ 50 ਹਜ਼ਾਰ ਭਾਰਤੀ ਪ੍ਰਭਾਵਿਤ ਹੋਣਗੇ। ਮੌਜੂਦਾ ਸਮੇਂ ਔਸਤ ਪੈਕੇਜ 28 ਤੋਂ 38 ਲੱਖ ਰੁਪਏ ਹੈ। ਜਦਕਿ ਕਾਰਜਕਾਰੀ ਪੱਧਰ ‘ਤੇ 38 ਤੋਂ 55 ਲੱਖ ਰੁਪਏ ਹੈ।
ਮਾਨਚੈਸਟਰ ਵਿਚ ਆਈ.ਟੀ. ਕਾਰਜਕਾਰੀ ਪ੍ਰਸ਼ਾਂਤ ਮਹਿਤਾ ਦਾ ਕਹਿਣਾ ਹੈ ਕਿ ਸੁਨਕ ਸਰਕਾਰ ਦਾ ਇਹ ਨਿਯਮ ਭਾਰਤੀਆਂ ਨੂੰ ਰੋਕਣ ਲਈ ਹੈ। ਕੋਈ ਵੀ ਬ੍ਰਿਟਿਸ਼ ਫਰਮ ਤਨਖਾਹ ਨੂੰ ਦੁੱਗਣੀ ਨਹੀਂ ਕਰਨ ਜਾ ਰਹੀ ਹੈ। ਇਹ ਫ਼ੈਸਲਾ ਆਉਣ ਵਾਲੇ ਸਮੇਂ ਵਿਚ ਬ੍ਰਿਟੇਨ ਨੂੰ ਨੁਕਸਾਨ ਪਹੁੰਚਾਏਗਾ। ਉਸ ਨੂੰ ਭਾਰਤੀ ਪ੍ਰਤਿਭਾ ਨਹੀਂ ਮਿਲੇਗੀ।
ਇਨ੍ਹਾਂ ਦੋ ਕਾਰਨਾਂ ਕਰਕੇ ਬ੍ਰਿਟੇਨ ਸਰਕਾਰ ਵੱਲੋਂ ਇਮੀਗ੍ਰੇਸ਼ਨ ਨਿਯਮਾਂ ‘ਚ ਸਖ਼ਤੀ ਕੀਤੀ ਜਾ ਰਹੀ ਹੈ।
1. ਬ੍ਰਿਟੇਨ ਵਿਚ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣਾ ਇੱਕ ਵੱਡਾ ਮੁੱਦਾ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਲੋਕ ਆਈ.ਟੀ. ਸੈਕਟਰ ਵਿਚ ਨੌਕਰੀਆਂ ‘ਤੇ ਕਬਜ਼ਾ ਕਰ ਰਹੇ ਹਨ।
2. ਇਸ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਦਿੱਗਜ਼ ਨੇਤਾ ਪੈਨੀ ਮੋਰਡੌਂਟ ਅਤੇ ਹੋਰਾਂ ਨੇ ਲੰਬੇ ਸਮੇਂ ਤੋਂ ਘੇਰਿਆ ਹੋਇਆ ਹੈ।
ਇਸ ਤੋਂ ਪਹਿਲਾਂ ਸੁਨਕ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਵਰਕ ਵੀਜ਼ਾ ਲਈ 24 ਮਹੀਨਿਆਂ ਲਈ ਨਿਯਮਿਤ ਤੌਰ ‘ਤੇ ਪੜ੍ਹਾਈ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਕਾਰਨ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿਚ 5 ਫੀਸਦੀ ਦੀ ਕਮੀ ਆਈ ਹੈ। ਪਹਿਲਾਂ ਇੱਥੇ 50 ਹਜ਼ਾਰ ਭਾਰਤੀ ਵਿਦਿਆਰਥੀ ਆਉਂਦੇ ਸਨ, ਹੁਣ ਇਨ੍ਹਾਂ ਦੀ ਗਿਣਤੀ ਘੱਟ ਕੇ 45 ਹਜ਼ਾਰ ਰਹਿ ਗਈ ਹੈ।
ਕੰਪਨੀਆਂ ਕੋਲ ਸਿਰਫ ਦੋ ਵਿਕਲਪ ਹਨ। ਪਹਿਲਾ: ਭਾਰਤੀ ਪੇਸ਼ੇਵਰਾਂ ਦੀ ਛਾਂਟੀ। ਦੂਜਾ: ਤਨਖਾਹ ਵਿਚ ਵਾਧਾ। ਡਰ ਹੈ ਕਿ ਕੰਪਨੀਆਂ ਤਨਖਾਹਾਂ ਵਧਾਉਣ ਦੀ ਬਜਾਏ ਛਾਂਟੀ ਕਰਨਗੀਆਂ। ਤਿੰਨ ਸਾਲਾਂ ਦੇ ਹੁਨਰਮੰਦ ਵੀਜ਼ੇ ‘ਤੇ ਬ੍ਰਿਟੇਨ ‘ਚ ਰਹਿ ਰਹੇ ਭਾਰਤੀ ਪੇਸ਼ੇਵਰਾਂ ਦੇ ਵੀਜ਼ੇ ਨੂੰ ਰੀਨਿਊ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ ਕੈਨੇਡਾ ਜਾਣਾ ਪਵੇਗਾ, ਜਿੱਥੇ ਨਿਯਮ ਆਸਾਨ ਹਨ।