#EUROPE

ਬਰਤਾਨੀਆ ਦੇ ਸੰਸਦ ਭਵਨ ‘ਚ ਸਮੀਪ ਸਿੰਘ ਗੁਮਟਾਲਾ ਦਾ ਸਨਮਾਨ

-ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਬਹਾਲ ਕਰਨ ਦੀ ਮੰਗ
ਲੰਡਨ, 24 ਨਵੰਬਰ (ਪੰਜਾਬ ਮੇਲ)– ਅੰਮ੍ਰਿਤਸਰ ਦੇ ਜੰਮਪਲ ਅਤੇ ਅਮਰੀਕਾ ਵਾਸੀ ਸਮਾਜ ਸੇਵੀ ਸਮੀਪ ਸਿੰਘ ਗੁਮਟਾਲਾ ਨੂੰ ਬਰਤਾਨੀਆ ਦੇ ਸੰਸਦ ਭਵਨ ਵਿਚ ਸੇਵਾ ਟਰੱਸਟ ਯੂ.ਕੇ. ਦੀ ਦੱਸਵੀਂ ਵਰ੍ਹੇਗੰਢ ਮੌਕੇ ‘ਯੂਕੇ-ਇੰਡੀਆ ਇੰਪੈਕਟ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਗੁਮਟਾਲਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਹਨ।
ਸਮਾਗਮ ਦੀ ਪ੍ਰਧਾਨਗੀ ਸੰਸਦ ਮੈਂਬਰ ਮੁਹੰਮਦ ਯਾਸੀਨ ਨੇ ਕੀਤੀ। ਇਸ ਮੌਕੇ ਸੰਸਦ ਮੈਂਬਰ ਗੁਰਿੰਦਰ ਸਿੰਘ ਜੋਸਨ, ਪ੍ਰੋਫੈਸਰ ਜਗਤਾਰ ਸਿੰਘ, ਅੰਮ੍ਰਿਤਪਾਲ ਸਿੰਘ ਮਾਨ ਅਤੇ ਸੇਵਾ ਟਰੱਸਟ ਯੂ.ਕੇ. ਦੇ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਵੱਲੋਂ ਗੁਮਟਾਲਾ ਨੂੰ ਸਨਮਾਨਿਤ ਕੀਤਾ ਗਿਆ।
ਗੁਮਟਾਲਾ ਨੇ ਲੰਡਨ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਮੰਗ ਕਰਦਿਆਂ ਬਰਤਾਨੀਆ ਦੇ ਸੰਸਦ ਮੈਂਬਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਬ੍ਰਿਟਿਸ਼ ਏਅਰਵੇਜ਼ ਅਤੇ ਵਰਜਿਨ ਐਟਲਾਂਟਿਕ ਵਰਗੀਆਂ ਹਵਾਈ ਕੰਪਨੀਆਂ ਨੂੰ ਵੀ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨ ਲਈ ਕਿਹਾ।
ਉਨ੍ਹਾਂ ਦੱਸਿਆ ਕਿ ਬਰਮਿੰਘਮ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਜਾਰੀ ਹਨ, ਜਦਕਿ ਲੰਡਨ ਦੀ ਉਡਾਣ ਬਹਾਲ ਕਰਵਾਉਣ ਲਈ ਯਤਨ ਤੇਜ਼ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਕੈਨੇਡਾ, ਯੂਰਪ ਅਤੇ ਆਸਟ੍ਰੇਲੀਆ ਨਾਲ ਅੰਮ੍ਰਿਤਸਰ ਦਾ ਹਵਾਈ ਸੰਪਰਕ ਬਿਹਤਰ ਬਣਾਉਣ ਲਈ ਵੀ ਯਤਨ ਜਾਰੀ ਹਨ।
ਗੁਮਟਾਲਾ ਨੇ ਇਹ ਸਨਮਾਨ ਆਪਣੇ ਸਮੂਹ ਸਾਥੀਆਂ, ਸਵੈਸੇਵਕਾਂ ਅਤੇ ਪੰਜਾਬੀ ਭਾਈਚਾਰੇ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਣ ਨਾਲ ਪਰਵਾਸੀ ਪੰਜਾਬੀਆਂ, ਸੈਲਾਨੀਆਂ ਅਤੇ ਸਮੁੱਚੇ ਪੰਜਾਬ ਦੀ ਆਰਥਿਕਤਾ ਨੂੰ ਲਾਭ ਮਿਲੇਗਾ।