#PUNJAB

ਬਜਟ ਇਜਲਾਸ ਮਗਰੋਂ ਭਾਜਪਾ ’ਚ ਸ਼ਾਮਲ ਹੋਣਗੇ ਪ੍ਰਨੀਤ ਕੌਰ

ਪਟਿਆਲਾ,  20 ਜਨਵਰੀ (ਪੰਜਾਬ ਮੇਲ)-  ਲੋਕ ਸਭਾ ਮੈਂਬਰ ਪ੍ਰਨੀਤ ਕੌਰ ਸੰਸਦ ਦੇ ਬਜਟ ਇਜਲਾਸ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੀ ਚਰਚਾ ਨਿਊ ਮੋਤੀ ਬਾਗ ਪੈਲੇਸ ਵਿੱਚ ਹੋਣ ਲੱਗ ਪਈ ਹੈ। ਫਿਲਹਾਲ ਉਨ੍ਹਾਂ ਨੂੰ ਕਾਂਗਰਸ ਵੱਲੋਂ ਮੁਅੱਤਲ ਕੀਤਾ ਹੋਇਆ ਹੈ। ਪ੍ਰਨੀਤ ਕੌਰ ਨੂੰ ਕਾਂਗਰਸ ਵਿੱਚੋਂ ਕੱਢਣ ਲਈ ਸਥਾਨਕ ਆਗੂ ਕਈ ਵਾਰ ਹਾਈ ਕਮਾਨ ਕੋਲ ਪਹੁੰਚ ਕਰ ਚੁੱਕੇ ਹਨ। ਜੇਕਰ ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਦੀ ਹੈ ਤਾਂ ਉਨ੍ਹਾਂ ਦੀ ਲੋਕ ਸਭਾ ਦੀ ਮੈਂਬਰੀ ਬਚੀ ਰਹੇਗੀ ਪਰ ਜੇਕਰ ਉਹ ਕਾਂਗਰਸ ਛੱਡਦੇ ਹਨ ਤਾਂ ਉਨ੍ਹਾਂ ਦੀ ਮੈਂਬਰੀ ਚਲੀ ਜਾਵੇਗੀ। ਇਸ ਲਈ ਉਹ ਭਾਜਪਾ ਦੇ ਆਖ਼ਰੀ ਬਜਟ ਇਜਲਾਸ ’ਚ ਬਤੌਰ ਸੰਸਦ ਮੈਂਬਰ ਸ਼ਾਮਲ ਹੋਣਾ ਚਾਹੁੰਦੇ ਹਨ। ਪਟਿਆਲਾ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਉਨ੍ਹਾਂ ਦੀ ਧੀ ਜੈ ਇੰਦਰ ਕੌਰ ਨੂੰ ਬਣਾਉਣ ਦੀ ਵੀ ਗੱਲ ਉੱਠ ਰਹੀ ਹੈ।