-30 ਅਗਸਤ ਤੋਂ 13 ਸਤੰਬਰ ਤੱਕ ਮੁਹਾਲੀ ਵਿਚ ਕਰਵਾਏ ਜਾਣਗੇ ਮੈਚ
ਚੰਡੀਗੜ੍ਹ, 8 ਅਗਸਤ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨਿਚਰਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਵਿਚ ਆਈ.ਪੀ.ਐੱਲ. ਦੀ ਤਰਜ਼ ‘ਤੇ ‘ਸ਼ੇਰ-ਏ-ਪੰਜਾਬ ਟੀ-20 ਲੀਗ’ ਸ਼ੁਰੂ ਹੋਣ ਜਾ ਰਹੀ ਹੈ। ਇਹ ਲੀਗ 30 ਅਗਸਤ ਤੋਂ 13 ਸਤੰਬਰ ਤੱਕ ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਸਟੇਡੀਅਮ ਵਿਚ ਖੇਡੀ ਜਾਵੇਗੀ।
ਇਸ ਟੂਰਨਾਮੈਂਟ ‘ਚ 6 ਫਰੈਂਚਾਇਜ਼ੀ ਟੀਮਾਂ ਹਿੱਸਾ ਲੈਣਗੀਆਂ ਅਤੇ ਪੰਜਾਬ ਦੇ ਨਾਮਵਰ ਖਿਡਾਰੀ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਰਮਨਦੀਪ ਸਿੰਘ ਅਤੇ ਗੁਰਨੂਰ ਬਰਾੜ ਇਸ ਵਿਚ ਖੇਡਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਹਮੇਸ਼ਾ ਤੋਂ ਦੇਸ਼ ਲਈ ਮੋਹਰੀ ਖਿਡਾਰੀ ਪੈਦਾ ਕਰਦਾ ਰਿਹਾ ਹੈ ਅਤੇ ਮੌਜੂਦਾ ਸਮੇਂ ਵਿਚ ਪੰਜਾਬ 21 ਖਿਡਾਰੀਆਂ ਨਾਲ ਭਾਰਤੀ ਕ੍ਰਿਕਟ ਟੀਮ ਦੀ ਰੀੜ੍ਹ ਦੀ ਹੱਡੀ ਬਣਿਆ ਹੋਇਆ ਹੈ। ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਨਸ਼ਿਆਂ ਵਿਰੁੱਧ ਲੜਾਈ ਵਿਚ ਖੇਡਾਂ ਨੂੰ ਸਭ ਤੋਂ ਵੱਡਾ ਹਥਿਆਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਲੀਗ ਵਿਚ ਸਾਰੇ ਖਿਡਾਰੀ ਪੰਜਾਬ ਦੇ ਹੀ ਹੋਣਗੇ, ਜਿਸ ਨਾਲ ਉੱਭਰਦੇ ਖਿਡਾਰੀਆਂ ਨੂੰ ਵੱਡੇ ਸਿਤਾਰਿਆਂ ਨਾਲ ਡਰੈਸਿੰਗ ਰੂਮ ਸਾਂਝਾ ਕਰਨ ਦਾ ਮੌਕਾ ਮਿਲੇਗਾ।
ਇਸ ਲੀਗ ਵਿਚ ਸ਼ਾਮਲ 6 ਟੀਮਾਂ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਫਾਜ਼ਿਲਕਾ ਫਾਲਕਨਜ਼ ਵੱਲੋਂ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਵੱਲੋਂ, ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਸੂਰਮਾਜ਼ ਵੱਲੋਂ, ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਵੱਲੋਂ, ਰਮਨਦੀਪ ਸਿੰਘ ਮੁਹਾਲੀ ਕਿੰਗਜ਼ ਵੱਲੋਂ ਅਤੇ ਗੁਰਨੂਰ ਬਰਾੜ ਬਠਿੰਡਾ ਰੌਇਲਜ਼ ਵੱਲੋਂ ਖੇਡਣਗੇ।
ਇਸ ਟੂਰਨਾਮੈਂਟ ਲਈ 450 ਤੋਂ ਵੱਧ ਪੰਜਾਬੀ ਖਿਡਾਰੀਆਂ ਦਾ ਇੱਕ ਪੂਲ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੀ ਨਿਲਾਮੀ 9 ਅਗਸਤ ਨੂੰ ਹੋਵੇਗੀ। ਇਨ੍ਹਾਂ ਵਿਚ ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਨਮਨ ਧੀਰ, ਵਿਆਨ ਮਲਹੋਤਰਾ, ਇਮਾਨਜੋਤ ਸਿੰਘ ਚਾਹਲ, ਅਸ਼ਵਨੀ ਕੁਮਾਰ ਅਤੇ ਕ੍ਰਿਸ਼ ਭਗਤ ਵਰਗੇ ਪ੍ਰਮੁੱਖ ਖਿਡਾਰੀ ਸ਼ਾਮਲ ਹਨ। ਲੀਗ ਦੇ ਸਾਰੇ ਮੈਚ ਰਾਊਂਡ-ਰੌਬਿਨ ਆਧਾਰ ‘ਤੇ ਖੇਡੇ ਜਾਣਗੇ ਅਤੇ ਹਰੇਕ ਟੀਮ ਅੱਠ ਲੀਗ ਮੈਚ ਖੇਡੇਗੀ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਹਰ ਸਾਲ ਕਰਵਾਈਆਂ ਜਾਂਦੀਆਂ ਹਨ ਅਤੇ 3,100 ਤੋਂ ਵੱਧ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਕਤੂਬਰ-ਨਵੰਬਰ ਵਿਚ ਪੰਜਾਬ ਪਹਿਲੀ ਵਾਰ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਵੀ ਕਰੇਗਾ। ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੀਤ ਪ੍ਰਧਾਨ ਦੀਪਕ ਬਾਲੀ ਨੇ ਮੁੱਖ ਮੰਤਰੀ ਨੂੰ ਲੀਗ ਦੇ ਲੋਗੋ ਵਾਲੀ ਟੀ-ਸ਼ਰਟ ਭੇਟ ਕੀਤੀ, ਜਦੋਂ ਕਿ ਭਾਰਤੀ ਕ੍ਰਿਕਟ ਖਿਡਾਰੀਆਂ ਨੇ ਮੁੱਖ ਮੰਤਰੀ ਨੂੰ ਸਤਿਕਾਰ ਵਜੋਂ ਕ੍ਰਿਕਟ ਬੈਟ ਅਤੇ ਬਾਲ ਭੇਟ ਕੀਤਾ।
ਪੰਜਾਬ ਵਿਚ ਪਹਿਲੀ ਵਾਰ ਆਈ.ਪੀ.ਐੱਲ. ਦੀ ਤਰਜ਼ ‘ਤੇ ਹੋਵੇਗੀ ਸ਼ੇਰ-ਏ-ਪੰਜਾਬ ਟੀ-20 ਲੀਗ

