#PUNJAB

ਪੰਜਾਬ ਪੁਲਿਸ ਵੱਲੋ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼

-9 ਪਿਸਤੌਲਾਂ ਅਤੇ ਸਵਿਫ਼ਟ ਕਾਰ ਸਮੇਤ ਚਾਰ ਵਿਅਕਤੀ ਗ੍ਰਿਫ਼ਤਾਰ
– ਗ੍ਰਿਫ਼ਤਾਰ ਮੁਲਜ਼ਮ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਤਸਕਰੀ ਕਰਕੇ ਪੰਜਾਬ ਅਤੇ ਹੋਰ ਰਾਜਾਂ ਵਿਚ ਕਰਦੇ ਸਨ ਸਪਲਾਈ- ਡੀ.ਜੀ.ਪੀ. ਗੌਰਵ ਯਾਦਵ
ਚੰਡੀਗੜ੍ਹ, 1 ਅਪ੍ਰੈਲ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ .32 ਬੋਰ ਦੇ 9 ਦੇਸੀ ਪਿਸਤੌਲ ਅਤੇ ਅੱਠ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਮਨਜੋਤ ਸਿੰਘ ਵਾਸੀ ਚਕਰ (ਲੁਧਿਆਣਾ), ਕੁਲਦੀਪ ਸਿੰਘ ਉਰਫ਼ ਮਾਣਕ ਵਾਸੀ ਪਿੰਡ ਲਹਿਰਾ (ਲੁਧਿਆਣਾ), ਸੁਖਚੈਨ ਸਿੰਘ ਵਾਸੀ ਪਿੰਡ ਮੂਮ (ਬਰਨਾਲਾ) ਅਤੇ ਸੰਦੀਪ ਸਿੰਘ ਵਾਸੀ ਪਿੰਡ ਭੈਣੀ ਗੁੱਜਰਾਂ (ਲੁਧਿਆਣਾ) ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਉਰਫ਼ ਮਾਣਕ ਅਤੇ ਗੁਰਮਨਜੋਤ ਸਿੰਘ ਸਾਲ 2016 ਵਿਚ ਲੁਧਿਆਣਾ ਜੇਲ੍ਹ ਵਿਚ ਇੱਕ-ਦੂਜੇ ਨੂੰ ਮਿਲੇ ਸਨ। ਦੋਵੇਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ, ਜਿਨ੍ਹਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਅਸਲਾ ਐਕਟ, ਲੁੱਟ-ਖਸੁੱਟ, ਚੋਰੀ ਆਦਿ ਵਰਗੇ ਕਈ ਕੇਸ ਦਰਜ ਹਨ ਅਤੇ ਦੋਵੇਂ ਮੁਲਜ਼ਮ ਇਸ ਸਮੇਂ ਜ਼ਮਾਨਤ ‘ਤੇ ਬਾਹਰ ਸਨ। ਦੱਸਣਯੋਗ ਹੈ ਕਿ ਮੁਲਜ਼ਮ ਗੁਰਮਨਜੋਤ ਸਾਲ 2022 ਦੌਰਾਨ ਲੁਧਿਆਣਾ ਜੇਲ੍ਹ ਵਿਚ ਮੱਧ ਪ੍ਰਦੇਸ਼ ਆਧਾਰਿਤ ਗੈਰ-ਕਾਨੂੰਨੀ ਹਥਿਆਰਾਂ ਦੇ ਤਸਕਰਾਂ ਦੇ ਸੰਪਰਕ ਵਿਚ ਆਇਆ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਹਥਿਆਰਾਂ ਦੇ ਤਸਕਰਾਂ ਦੀਆਂ ਗਤੀਵਿਧੀਆਂ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਉਹ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲ੍ਹੇ ਦੇ ਸੇਂਧਵਾਂ ਤੋਂ ਗੈਰ-ਕਾਨੂੰਨੀ ਹਥਿਆਰ ਅਤੇ ਗੋਲੀ-ਸਿੱਕਾ ਲਿਆ ਕੇ ਸੂਬੇ ਵਿਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਹਨ, ਜਿਸ ਉਪਰੰਤ ਸਟੇਟ ਸਪੈਸ਼ਲ ਆਪਰੇਟਿੰਗ ਸੈੱਲ (ਐੱਸ.ਐੱਸ.ਓ.ਸੀ.) ਐੱਸ.ਏ.ਐੱਸ. ਨਗਰ ਦੀਆਂ ਪੁਲਿਸ ਟੀਮਾਂ ਨੇ ਪਟਿਆਲਾ ਦੇ ਪਾਤੜਾਂ-ਖਨੌਰੀ ਰੋਡ ‘ਤੇ ਨਾਕਾ ਲਗਾਇਆ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਚਿੱਟੇ ਰੰਗ ਦੀ ਸਵਿਫਟ ਕਾਰ (ਪੀਬੀ 10 ਜੀਜੀ 9014) ਵਿਚ ਸਵਾਰ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 9 ਪਿਸਤੌਲਾਂ, ਜਿਨ੍ਹਾਂ ‘ਤੇ ‘ਸਟਾਰ’ ਦਾ ਨਿਸ਼ਾਨ ਬਣਿਆ ਹੋਇਆ ਸੀ ਅਤੇ ਕਾਰ ਬਰਾਮਦ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਹੈ ਕਿ ਫੜੇ ਗਏ ਮੁਲਜ਼ਮਾਂ ਵੱਲੋਂ ਇਨ੍ਹਾਂ ਵਿਚੋਂ ਕੁਝ ਹਥਿਆਰਾਂ ਦੀ ਵਰਤੋਂ ਟਾਰਗੇਟਿਡ ਸੰਗਠਿਤ ਅਪਰਾਧਾਂ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ ਅਤੇ ਬਾਕੀ ਹਥਿਆਰ ਗਰੋਹ ਦੇ ਹੋਰ ਮੈਂਬਰਾਂ ਨੂੰ ਵੰਡੇ ਜਾਣੇ ਸਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਸਾਰੇ ਮੁਲਜ਼ਮ ਪੰਜਾਬ ਦੇ ਨਾਲ-ਨਾਲ ਗੁਆਂਢੀ ਰਾਜਾਂ ਵਿਚ ਅਪਰਾਧਿਕ ਗਰੋਹਾਂ ਨੂੰ ਹਥਿਆਰ ਸਪਲਾਈ ਕਰਨ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ।
ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਜੇ ਏਲੈਂਚੇਜ਼ੀਅਨ ਨੇ ਦੱਸਿਆ ਕਿ ਇਸ ਮਾਡਿਊਲ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਮੱਧ ਪ੍ਰਦੇਸ਼-ਆਧਾਰਿਤ ਹਥਿਆਰਾਂ ਦੇ ਤਸਕਰਾਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਐੱਸ.ਐੱਸ.ਓ.ਸੀ., ਐੱਸ.ਏ.ਐੱਸ. ਨਗਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ 25 (7) ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 120 ਬੀ ਤਹਿਤ ਐੱਫ.ਆਈ.ਆਰ. ਨੰ. 9 ਮਿਤੀ 30.03.2024 ਦਰਜ ਹੈ।