#PUNJAB

ਪੰਜਾਬ ਪੁਲਿਸ ਨੇ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ Airport ਤੋਂ ਕੀਤਾ Arrest

– ਕੇ.ਜ਼ੈਡ.ਐੱਫ. ਸੰਚਾਲਕ ਪ੍ਰਭਪ੍ਰੀਤ ਜਰਮਨੀ ਤੋਂ ਭਰਤੀ ਕਰਨ, ਸਹਾਇਤਾ ਅਤੇ ਫੰਡਿੰਗ ਪ੍ਰਦਾਨ ਕਰਨ ਵਾਲਾ ਮਾਡਿਊਲ ਚਲਾ ਰਿਹਾ ਸੀ: ਡੀ.ਜੀ.ਪੀ. ਗੌਰਵ ਯਾਦਵ
– ਕੇ.ਜ਼ੈਡ.ਐੱਫ. ਦੇ ਪੂਰੇ ਨੈਟਵਰਕ ਅਤੇ ਗ੍ਰਿਫ਼ਤਾਰ ਦੋਸ਼ੀ ਦੇ ਹੋਰ ਸੰਪਰਕਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਏ.ਆਈ.ਜੀ. ਐੱਸ.ਐੱਸ.ਓ.ਸੀ. ਸੁਖਮਿੰਦਰ ਮਾਨ
ਚੰਡੀਗੜ੍ਹ/ਅੰਮ੍ਰਿਤਸਰ, 12 ਅਪ੍ਰੈਲ (ਪੰਜਾਬ ਮੇਲ)- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਅੰਮ੍ਰਿਤਸਰ ਨੇ ਜਰਮਨੀ ਆਧਾਰਿਤ ਸੰਚਾਲਕ ਪ੍ਰਭਪ੍ਰੀਤ ਸਿੰਘ ਸਿੱਧੂ ਨੂੰ ਦਿੱਲੀ ਦੇ ਆਈ.ਜੀ.ਆਈ. ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਕੇ ਭਰਤੀ ਕਰਨ, ਫੰਡਿੰਗ ਦੇਣ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਸਾਲ 2020 ਵਿਚ, ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਗੁਪਤ ਸੂਚਨਾ ਮਿਲੀ ਸੀ ਕਿ ਕੇ.ਜੈਡ.ਐੱਫ. ਦੇ ਜਗਦੀਸ਼ ਸਿੰਘ ਭੂਰਾ ਪੰਜਾਬ ਵਿਚ ਕੁਝ ਨਾਮਵਰ ਸ਼ਖਸ਼ੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਕੰਮ ਨੂੰ ਪੂਰਾ ਕਰਨ ਲਈ, ਉਸਨੇ ਆਪਣੇ ਭਾਰਤ ਆਧਾਰਿਤ ਸਾਥੀਆਂ ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ। ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਇਸ ਮਡਿਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਦਾ ਪਰਦਾਫਾਸ਼ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤੇ ਸਨ। ਇਸ ਸਬੰਧੀ ਪੁਲਿਸ ਵੱਲੋਂ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ) ਦੀਆਂ ਧਾਰਾਵਾਂ 13, 17, 18, 18-ਬੀ ਅਤੇ 20 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ 19.12.2020 ਨੂੰ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐੱਫ.ਆਈ.ਆਰ. ਨੰ. 18 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਲੋੜੀਂਦੇ ਜਗਦੀਸ਼ ਸਿੰਘ ਭੂਰਾ ਅਤੇ ਉਸ ਦੇ ਕਰੀਬੀ ਪ੍ਰਭਪ੍ਰੀਤ ਸਿੰਘ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਉਹ ਨਾਮਵਰ ਸ਼ਖਸ਼ੀਅਤਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਹੇ ਸਨ।
ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਜਰਮਨੀ ਵਿਚ ਰਹਿ ਰਿਹਾ ਸੀ, ਇਸ ਲਈ ਪੰਜਾਬ ਪੁਲਿਸ ਨੇ ਉਸਨੂੰ ਇਸ ਕੇਸ ਵਿਚ ਨਾਮਜ਼ਦ ਕਰਨ ਉਪਰੰਤ ਉਸਨੂੰ ਗ੍ਰਿਫ਼ਤਾਰ ਕਰਨ ਲਈ ਬਿਊਰੋ ਆਫ਼ ਇਮੀਗ੍ਰੇਸ਼ਨ, ਨਵੀਂ ਦਿੱਲੀ ਰਾਹੀਂ ਉਸਦੇ ਖਿਲਾਫ ਲੁੱਕ ਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਕਰਵਾ ਦਿੱਤਾ ਸੀ।
ਡੀ.ਜੀ.ਪੀ. ਨੇ ਕਿਹਾ ਕਿ ਆਈ.ਜੀ.ਆਈ. ਏਅਰਪੋਰਟ ਦਿੱਲੀ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਨੂੰ ਪ੍ਰਭਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈਣ ਬਾਰੇ ਸੂਚਿਤ ਕੀਤਾ। ਇਸ ਉਪਰੰਤ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਦੀ ਟੀਮ ਦਿੱਲੀ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐੱਸ.ਐੱਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪ੍ਰਭਪ੍ਰੀਤ 2017 ‘ਚ ਵੈਧ ਵੀਜ਼ੇ ‘ਤੇ ਪੋਲੈਂਡ ਗਿਆ ਸੀ ਅਤੇ 2020 ‘ਚ ਸੜਕ ਰਸਤੇ ਜਰਮਨੀ ਚਲਾ ਗਿਆ ਸੀ ਅਤੇ ਜਰਮਨੀ ‘ਚ ਪੱਕੀ ਰਿਹਾਇਸ਼ ਹਾਸਲ ਕਰਨ ਲਈ ਉਸ ਨੇ ਸਿਆਸੀ ਸ਼ਰਨ ਲਈ ਅਰਜ਼ੀ ਦਿੱਤੀ ਸੀ।
ਏ.ਆਈ.ਜੀ. ਨੇ ਦੱਸਿਆ ਕਿ ਜਰਮਨੀ ਵਿਚ ਰਹਿੰਦਿਆਂ, ਇਹ ਮੁਲਜ਼ਮ ਬੈਲਜੀਅਮ ਸਥਿਤ ਕੇ.ਜ਼ੈਡ.ਐੱਫ. ਦੇ ਜਗਦੀਸ਼ ਸਿੰਘ ਭੂਰਾ ਦੇ ਸੰਪਰਕ ਵਿਚ ਆਇਆ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋ ਗਿਆ। ਏ.ਆਈ.ਜੀ. ਨੇ ਅੱਗੇ ਕਿਹਾ ਕਿ ਦੋਸ਼ੀ ਮਿੱਥ ਕੇ ਕਤਲ ਦੀਆਂ ਵਾਰਦਾਤਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਪਣੇ ਭਾਰਤੀ ਸਾਥੀ ਲਈ ਫੰਡਿੰਗ ਅਤੇ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ।
ਉਨ੍ਹਾਂ ਕਿਹਾ ਕਿ ਪ੍ਰਭਪ੍ਰੀਤ ਦੇ ਪੂਰੇ ਨੈੱਟਵਰਕ ਅਤੇ ਜਿਸ ਮਾਡਿਊਲ ਲਈ ਉਹ ਕੰਮ ਕਰ ਰਿਹਾ ਹੈ, ਦਾ ਪਰਦਾਫਾਸ਼ ਕਰਨ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਪ੍ਰਭਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕਰਕੇ 15 ਅਪ੍ਰੈਲ 2024 ਤੱਕ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।