#PUNJAB

ਪੰਜਾਬ ਪੁਲਿਸ ਨੇ ਅੱਤਵਾਦੀ ਲਖਬੀਰ ਰੋਡੇ ਦੇ ਸਾਥੀ ਪਰਮਜੀਤ ਸਿੰਘ ਢਾਡੀ ਨੂੰ ਅੰਮ੍ਰਿਤਸਰ ਹਵਾਈ ਅੱਡਾ ਤੋਂ ਕੀਤਾ ਗ੍ਰਿਫਤਾਰ

– ਆਈ.ਐੱਸ.ਵਾਈ.ਐੱਫ. ਦੇ ਕਾਰਕੁਨ ਪਰਮਜੀਤ ਢਾਡੀ ਯੂ.ਕੇ. ਤੋਂ ਸੰਸਥਾ ਵਿਚ ਨਵੇਂ ਖਾੜਕੂ ਭਰਤੀ, ਮਦਦ ਅਤੇ ਫੰਡਿੰਗ ਕਰਨ ਵਾਲੇ ਮਾਡਿਊਲ ਦਾ ਕਰ ਰਿਹਾ ਸੀ ਸੰਚਾਲਨ : ਡੀ.ਜੀ.ਪੀ. ਪੰਜਾਬ ਗੌਰਵ ਯਾਦਵ
– ਆਈ.ਐੱਸ.ਵਾਈ.ਐੱਫ. ਦੇ ਪੂਰੇ ਨੈੱਟਵਰਕ ਅਤੇ ਗ੍ਰਿਫਤਾਰ ਕੀਤੇ ਦੋਸ਼ੀਆਂ ਦੇ ਹੋਰ ਸੰਪਰਕਾਂ ਦਾ ਪਤਾ ਲਗਾਉਣ ਜਾਂਚ ਜਾਰੀ
ਚੰਡੀਗੜ੍ਹ/ਅੰਮ੍ਰਿਤਸਰ, 5 ਦਸੰਬਰ (ਪੰਜਾਬ ਮੇਲ)- ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.) ਅੰਮ੍ਰਿਤਸਰ ਨੇ ਪਾਕਿਸਤਾਨ ਸਥਿਤ ਲਖਬੀਰ ਰੋਡੇ ਦੇ ਕਰੀਬੀ ਸਾਥੀ ਪਰਮਜੀਮ ਸਿੰਘ ਉਰਫ਼ ਪੰਜਾਬ ਸਿੰਘ ਉਰਫ਼ ਢਾਡੀ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ, ਨਵੇਂ ਖਾੜਕੂ ਭਰਤੀ ਕਰਨ, ਫੰਡਿੰਗ ਅਤੇ ਸਹਾਇਤਾ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ ਕਿ ਪਰਮਜੀਤ ਸਿੰਘ, ਇੱਕ ਬ੍ਰਿਟਿਸ਼ ਨਾਗਰਿਕ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐੱਸ.ਵਾਈ.ਐੱਫ.) ਦਾ ਇੱਕ ਸੰਸਥਾਪਕ ਮੈਂਬਰ ਹੈ, ਜੋ 90 ਦੇ ਮੁੱਢਲੇ ਦਹਾਕੇ ਵਿਚ ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਸੀ ਅਤੇ ਬਾਅਦ ‘ਚ 2003 ਵਿਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹ ਖਾੜਕੂ ਗਤੀਵਿਧੀਆਂ ਨਾਲ ਸਬੰਧਤ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ, ਦੋਸ਼ੀ ਯੂ.ਕੇ. ਵਾਪਸ ਪਰਤਿਆ ਪਰ ਯੂ.ਕੇ. ਅਤੇ ਹੋਰ ਯੂਰਪੀਅਨ ਦੇਸ਼ਾਂ ਵਿਚ ਸੰਗਠਨ ਲਈ ਇੱਕ ਪ੍ਰੇਰਕ, ਭਰਤੀ ਕਰਨ ਵਾਲੇ ਅਤੇ ਫੰਡ ਇਕੱਠਾ ਕਰਨ ਵਾਲੇ ਮੈਂਬਰ ਵਜੋਂ ਕੰਮ ਕਰਦਿਆਂ ਉਸਨੇ ਆਈ.ਐੱਸ.ਵਾਈ.ਐੱਫ. ਵਿਚ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ 2021 ਵਿਚ, ਦੋਸ਼ੀ ਪਰਮਜੀਤ ਢਾਡੀ ਦਾ ਨਾਮ ਪੰਜਾਬ ਵਿਚ ਆਈ.ਐੱਸ.ਵਾਈ.ਐੱਫ. ਕੇਡਰ ਦੇ ਪੁਨਰਗਠਨ ਕਰਨ ਵਾਲਿਆਂ ਵਿਚ ਸ਼ਾਮਲ ਪਾਇਆ ਗਿਆ ਸੀ, ਜੋ ਕਿ ਪੰਜਾਬ ਵਿਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਵਿਸ਼ੇਸ਼ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਲਈ ਫੰਡ ਅਤੇ ਖਾੜਕੂ ਹਾਰਡਵੇਅਰ ਦਾ ਇੰਤਜ਼ਾਮ ਕਰਦਾ ਸੀ। ਉਨ੍ਹਾਂ ਕਿਹਾ ਕਿ ਢਾਡੀ ਦੇ ਪੰਜਾਬ ਵਿਚ ਦਹਿਸ਼ਤੀ ਫੰਡਿੰਗ ਅਤੇ ਹੋਰ ਦਮਨਕਾਰੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਬਾਅਦ, ਉਸਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਉਣ ਲਈ ਇੱਕ ਐੱਲ.ਓ.ਸੀ. ਜਾਰੀ ਕੀਤਾ ਗਿਆ ਸੀ।
ਉਕਤ ਗ਼੍ਰਿਫਤਾਰੀ ਨੂੰ ਖਿੱਤੇ ਵਿਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦਹਿਸ਼ਤੀ ਮਾਡਿਊਲ ਲਈ ਇੱਕ ਵੱਡਾ ਝਟਕਾ ਕਰਾਰ ਦਿੰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਨਿਰੰਤਰ ਜਾਰੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏ.ਆਈ.ਜੀ. ਐੱਸ.ਐੱਸ.ਓ.ਸੀ. ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੁਲਜ਼ਮ ਪਰਮਜੀਤ ਢਾਡੀ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ, ਅੰਮ੍ਰਿਤਸਰ ਤੋਂ ਉਸ ਸਮੇਂ ਹਿਰਾਸਤ ਵਿਚ ਲਿਆ, ਜਦੋਂ ਉਹ ਪੰਜਾਬ ਸਿੰਘ ਦੇ ਨਾਮ ਵਾਲੇ ਬ੍ਰਿਟਿਸ਼ ਪਾਸਪੋਰਟ ‘ਤੇ ਯੂ.ਕੇ. ਜਾਣ ਲਈ ਜਹਾਜ਼ ਵਿਚ ਸਵਾਰ ਹੋ ਰਿਹਾ ਸੀ। ਪੁਲਿਸ ਵਲੋਂ ਢਾਡੀ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਦੀਆਂ ਧਾਰਾਵਾਂ 13, 16, 17, 18, 18-ਬੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਦੀ ਧਾਰਾ 20, ਵਿਸਫੋਟਕ ਐਕਟ ਦੀ ਧਾਰਾ 3,4,5, ਅਸਲਾ ਐਕਟ ਦੀ ਧਾਰਾ 25, ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21, 25, 27-ਏ ਅਤੇ 29 ਅਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ 120, 120-ਬੀ ਤਹਿਤ ਐੱਫ.ਆਈ.ਆਰ. ਨੰਬਰ 18 ਮਿਤੀ 02.09.2021 ਪੁਲਿਸ ਸਟੇਸ਼ਨ ਐੱਸ.ਐੱਸ.ਓ.ਸੀ. ਅੰਮ੍ਰਿਤਸਰ ਵਿਖੇ ਪਹਿਲਾਂ ਹੀ ਦਰਜ ਕੇਸ ਦਰਜ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਢਾਡੀ ਲਖਬੀਰ ਸਿੰਘ ਰੋਡੇ ਦੇ ਲਗਾਤਾਰ ਸੰਪਰਕ ਵਿਚ ਸੀ। ਏ.ਆਈ.ਜੀ. ਨੇ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਅਕਸਰ ਆਉਂਦਾ-ਜਾਂਦਾ ਸੀ ਅਤੇ ਰੋਡੇ ਦੇ ਨਿਰਦੇਸ਼ਾਂ ‘ਤੇ, ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹੋਏ ਨੌਜਵਾਨਾਂ ਦੀ ਪਛਾਣ ਕਰਦਾ ਸੀ ਅਤੇ ਉਨ੍ਹਾਂ ਨੂੰ ਖਾੜਕੂ ਗਤੀਵਿਧੀਆਂ ਦਾ ਹਿੱਸਾ ਬਣਨ ਲਈ ਪ੍ਰੇਰਦਾ ਸੀ।