#PUNJAB

ਪੰਜਾਬ ਦੀਆਂ 4 ਨਗਰ ਕੌਂਸਲਾਂ ਦੇ ਚੋਣ ਨਤੀਜਿਆਂ ਦਾ ਐਲਾਨ

ਗੁਰਦਾਸਪੁਰ, 13 ਜੂਨ (ਪੰਜਾਬ ਮੇਲ)- ਪੰਜਾਬ ਦੀਆਂ 4 ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਸ਼ਾਮਚੁਰਾਸੀ (ਹੁਸ਼ਿਆਰਪੁਰ) ਵਿਚ ਅੱਜ ਵੋਟਾਂ ਪਈਆਂ। ਸਵੇਰੇ 8 ਵਜੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ, ਜੋ ਸ਼ਾਮ 4 ਵਜੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈ। ਇਸ ਸਬੰਧੀ ਪੁਲਿਸ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਵੋਟਿੰਗ ਖ਼ਤਮ ਹੁੰਦੇ ਹੀ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਸਟੇਸ਼ਨਾਂ ਦੇ ਅੰਦਰ ਹੀ ਵੋਟਾਂ ਦੀ ਗਿਣਤੀ ਵੀ ਕੀਤੀ ਗਈ ਅਤੇ ਇਨ੍ਹਾਂ ਨਗਰ ਕੌਂਸਲਾਂ ਦੇ ਨਤੀਜੇ ਐਲਾਨੇ ਗਏ।
ਗੁਰਦਾਸਪੁਰ ਨਗਰ ਕੌਂਸਲ ਦੇ 29 ਵਾਰਡਾਂ ਲਈ ਹੋਈਆਂ ਚੋਣਾਂ ‘ਚ ਕਾਂਗਰਸ ਨੇ ਇਕ ਵਾਰ ਫਿਰ 23 ਵਾਰਡਾਂ ‘ਤੇ ਕਬਜ਼ਾ ਕਰਕੇ ਗੁਰਦਾਸਪੁਰ ਨਗਰ ਕੌਂਸਲ ‘ਤੇ ਕਬਜ਼ਾ ਬਰਕਰਾਰ ਰੱਖਿਆ। ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ, ਕਾਂਗਰਸ ਨੇ ਸਾਰੀਆਂ 29 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ 5 ਸੀਟਾਂ ਜਿੱਤੀਆਂ ਅਤੇ ਇਕ ਆਜ਼ਾਦ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ। ਭਾਜਪਾ ਨੇ ਇਸ ਚੋਣ ਵਿਚ ਸਾਰੇ 29 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਸਨ, ਪਰ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਕਾਦੀਆਂ ਨਗਰ ਕੌਂਸਲ ਦੇ ਕੁੱਲ 15 ਵਾਰਡਾਂ ‘ਚ ਵੋਟਾਂ ਪਈਆਂ ਹਨ। ਇਥੋਂ ਆਏ ਚੋਣ ਨਤੀਜਿਆਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ 6 ਸੀਟਾਂ, ਕਾਂਗਰਸ ਨੂੰ 04 ਸੀਟਾਂ, ਭਾਰਤੀ ਜਨਤਾ ਪਾਰਟੀ ਨੂੰ 01 ਸੀਟ, ਆਮ ਆਦਮੀ ਪਾਰਟੀ ਨੂੰ 2 ਸੀਟਾਂ ਅਤੇ 2 ਸੀਟਾਂ ਹੋਰ ਪਾਰਟੀਆਂ ਨੂੰ ਮਿਲੀਆਂ।
ਸ਼ਾਮ ਚੁਰਾਸੀ ਨਗਰ ਕੌਂਸਲ ਦੇ ਕੁੱਲ 9 ਵਾਰਡਾਂ ‘ਚ ਵੋਟਾਂ ਪਈਆ। ਇਥੋਂ ਆਏ ਚੋਣ ਨਤੀਜਿਆਂ ਮੁਤਾਬਕ ‘ਆਪ’ ਨੂੰ 6, ਕਾਂਗਰਸ ਨੂੰ 2, ਆਜ਼ਾਦ ਨੂੰ 1 ਸੀਟ ਮਿਲੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਇਥੋਂ ਕੋਈ ਸੀਟ ਨਹੀਂ ਮਿਲੀ।
ਦੀਨਾਨਗਰ ਨਗਰ ਕੌਂਸਲ ਦੇ ਕੁੱਲ੍ਹ 15 ਵਾਰਡਾਂ ਵਿਚ ਵੋਟਾਂ ਪਈਆਂ ਹਨ। 15 ਵਾਰਡਾਂ ਵਿਚੋਂ ਹੁਣ ਤੱਕ 13 ਵਾਰਡਾਂ ਨਤੀਜੇ ਐਲਾਨੇ ਗਏ ਹਨ, ਜਦਕਿ ਵਾਰਡ ਨੰਬਰ-6 ਦੇ ਬੂਥ ਨੰਬਰ 9 ਵਿਚ ਈ.ਵੀ.ਐੱਮ. ਮਸ਼ੀਨ ਵਿਚ ਤਕਨੀਕੀ ਖ਼ਰਾਬੀ ਕਰਕੇ ਨਤੀਜਿਆਂ ਦਾ ਐਲਾਨ ਨਹੀਂ ਹੋ ਸਕਿਆ ਹੈ। ਸਾਹਮਣੇ ਆਏ ਚੋਣ ਨਤੀਜਿਆਂ ‘ਚ ਕਾਂਗਰਸ ਨੇ 7 ਸੀਟਾਂ ‘ਤੇ ਕਬਜ਼ਾ ਕੀਤਾ ਹੈ, ਜਦਕਿ ਸੱਤਾਧਾਰੀ ਪਾਰਟੀ ਨੇ 6 ਸੀਟਾਂ ਜਿੱਤੀਆਂ ਹਨ। ਭਾਜਪਾ ਦੀ ਝੋਲੀ ਵਿਚ ਇਕ ਸੀਟ ਪਈ ਹੈ। ਉਥੇ ਹੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਆਪਣੇ ਖ਼ਾਤੇ ਨਹੀਂ ਖੋਲ੍ਹ ਸਕੇ ਹਨ।