ਅੰਮ੍ਰਿਤਸਰ, 7 ਮਈ (ਪੰਜਾਬ ਮੇਲ)- ਕੈਨੇਡਾ ਵਸਦੇ ਪੰਜਾਬੀ ਨਾਟਕਕਾਰ ਹੀਰਾ ਰੰਧਾਵਾ ਦੀ ਨਾਟ ਪੁਸਤਕ ‘ਬੇਗੁਨਾਹਾਂ ਦੇ ਦੌਰ ਵਿਚ’ ਦਾ ਵਿਮੋਚਨ ਵਿਰਸਾ ਵਿਹਾਰ ਵਿਖੇ ਕੀਤਾ ਗਿਆ। ਵਿਰਸਾ ਵਿਹਾਰ ਸੁਸਾਇਟੀ ਵਲੋਂ ਰਚਾਏ ਸਮਾਗਮ ਵਿਚ ਇਸ ਮੌਕੇ ਸ. ਰੰਧਾਵਾ ਨੇ ਕਿਹਾ ਕਿ ਜਰਮਨ ਨਾਟਕਕਾਰ ਸੀਗਫ੍ਰੀਡ ਲੈਂਜ ਦੇ ਨਾਟਕ ‘ਟਾਇਮ ਆਫ ਦਾ ਇਨੋਸੈਂਟ’ ਉੱਤੇ ਆਧਾਰਿਤ ਹੈ, ਜਿਸ ਵਿਚ ਤਾਨਾਸ਼ਾਹੀ ਖਿਲਾਫ ਜੂਝਦੇ ਸੂਝਵਾਨ ਨੌਜਵਾਨਾਂ ‘ਤੇ ਲੋਕਾਂ ‘ਤੇ ਸੱਤਾ ਦੇ ਤਸ਼ੱਦਦ ਦੀ ਕਹਾਣੀ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਸਮੇਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਇਸ ਪੁਸਤਕ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨਾਟਕ ‘ਟਾਇਮ ਆਫ ਦਾ ਇਨੋਸੈਂਟ’ ਉਨ੍ਹਾਂ ਵਿਦਿਆਰਥੀ ਸਮੇਂ ਦਿੱਲੀ ਨੈਸ਼ਨਲ ਸਕੂਲ ਆਫ ਡਰਾਮਾ ਦੀ ਸਟੇਜ ‘ਤੇ ਖੇਡਿਆ ਸੀ ਤੇ ਹੁਣ ‘ਬੇਗੁਨਾਹਾਂ ਦੇ ਦੌਰ ਵਿਚ’ ਨੂੰ ਪੰਜਾਬ ਦੀਆਂ ਸਟੇਜਾਂ ‘ਤੇ ਖੇਡਿਆ ਜਾਵੇਗਾ, ਕਿਉਂਕਿ ਇਹ ਅੱਜ ਦੇ ਹਾਲਾਤਾਂ ‘ਤੇ ਬਹੁਤ ਢੁੱਕਵਾਂ ਤੇ ਸਾਰਥਕ ਹੈ। ਪੰਜਾਬੀ ਫਿਲਮਾਂ ਤੇ ਨਾਟਕਾਂ ਦੇ ਪ੍ਰਸਿੱਧ ਕਲਾਕਾਰ ਹਰਦੀਪ ਗਿੱਲ ਨੇ ਸ. ਰੰਧਾਵਾ ਨਾਲ ਪੰਜ ਦਹਾਕਿਆਂ ਦੇ ਕਰੀਬ ਪੁਰਾਣੀ ਸਾਂਝ ਦਾ ਜ਼ਿਕਰ ਕੀਤਾ ਤੇ ਇਸ ਮੁੱਲਵਾਨ ਪੁਸਤਕ ਦੀ ਵਧਾਈ ਦਿੱਤੀ। ਅਦਾਕਾਰਾ ਅਨੀਤਾ ਦੇਵਗਨ ਨੇ ਬਹੁਤ ਖੂਬਸੂਰਤ ਸ਼ਬਦਾਂ ‘ਚ ਹੀਰਾ ਰੰਧਾਵਾ ਦੀ ਇਸ ਪੁਸਤਕ ਦੀ ਆਮਦ ‘ਤੇ ਉਨ੍ਹਾਂ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸੇ ਤਰ੍ਹਾਂ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਪੱਤਰਕਾਰ ਜਸਵੰਤ ਸਿੰਘ ਜੱਸ, ਪ੍ਰਿੰਸੀਪਲ ਦਰਸ਼ਨ ਕੌਰ ਸੋਹੀ, ਦਲਬੀਰ ਕੌਰ ਸੋਹੀ, ਅੱਖਰ ਮੈਗਜ਼ੀਨ ਦੇ ਸੰਪਾਦਕ ਹਰਮੀਤ ਆਰਟਿਸਟ, ਰੰਗਕਰਮੀ ਨਰਿੰਦਰ ਸਾਂਘੀ, ਲੇਖਕਾ ਬਲਜੀਤ ਕੌਰ ਰੰਧਾਵਾ ਨੇ ਆਪਣੇ ਵਿਚਾਰ ਦੱਸਦਿਆਂ ਬੀਤੇ ਸਮਿਆਂ ‘ਚ ਕੀਤੇ ਸਾਂਝੇ ਅਦਬੀ ਕਾਰਜਾਂ ਦੀਆਂ ਯਾਦਾਂ ਨੂੰ ਬਾਖੂਬੀ ਸ਼ਬਦਾਂ ਨਾਲ ਪੇਸ਼ ਕੀਤਾ। ਸਭ ਦਾ ਧੰਨਵਾਦ ਕਰਦਿਆਂ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ ਨੇ ਕਿਹਾ, ਜਿਨ੍ਹਾਂ ਸਮਿਆਂ ਵਿਚ ਹੀਰਾ ਰੰਧਾਵਾ ਤੇ ਉਸ ਦੇ ਸਾਥੀਆਂ ਕੇਵਲ ਧਾਲੀਵਾਲ, ਹਰਦੀਪ ਗਿੱਲ, ਅਦਾਕਾਰਾ ਅਨੀਤਾ ਦੇਵਗਨ, ਜਸਵੰਤ ਜੱਸ ਤੇ ਹੋਰ ਦੋਸਤਾਂ ਨੇ ਭਾਜੀ ਗੁਰਸ਼ਰਨ ਸਿੰਘ ਜੀ ਦੀ ਟੀਮ ‘ਚ ਕੰਮ ਕੀਤਾ, ਉਹ ਦੌਰ ਖ਼ਤਰਿਆਂ ਭਰਿਆ ਦੌਰ ਸੀ, ਜਿਸ ਨੇ ਅੱਜ ਤੱਕ ਦੇ ਸਫਲ ਜੀਵਨ ਜਿਊਣ ਦੀ ਕਲਾ ਸਿਖਾਉਣ ‘ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ।
ਪੰਜਾਬੀ ਨਾਟਕਕਾਰ ਹੀਰਾ ਰੰਧਾਵਾ ਦੀ ਨਾਟ ਪੁਸਤਕ ਦਾ ਵਿਰਸਾ ਵਿਹਾਰ ਵਿਖੇ ਵਿਮੋਚਨ
