#INDIA

ਪ੍ਰਸਿੱਧ ਗਾਇਕਾ ਅਲਕਾ ਯਾਗਨਿਕ ਦੀ ਸੁਣਨ ਸ਼ਕਤੀ ਖ਼ਤਮ

ਮੁੰਬਈ, 20 ਜੂਨ (ਪੰਜਾਬ ਮੇਲ)-ਕਈ ਹਿੱਟ ਗੀਤ ਗਾਉਣ ਵਾਲੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਦੁਰਲੱਭ ਬਿਮਾਰੀ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਲਕਾ ਨੇ ਇੰਸਟਾਗ੍ਰਾਮ ‘ਤੇ ਪੋਸਟ ਪਾ ਕੇ ਦਿੱਤੀ ਹੈ। ਹੁਣ ਗਾਇਕਾ ਦੇ ਚਾਹੁਣ ਵਾਲੇ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ। ਅਲਕਾ ਯਾਗਨਿਕ (58) ਨੇ ਇੰਸਟਾਗ੍ਰਾਮ ਪੋਸਟ ਸ਼ੇਅਰ ਕਰਕੇ ਆਪਣੀ ਸਮੱਸਿਆ ਦਾ ਖੁਲਾਸਾ ਕੀਤਾ ਹੈ। ਉਸ ਨੇ ਆਪਣੇ ਚਾਹੁਣ ਵਾਲਿਆਂ ਅਤੇ ਸਾਥੀ ਗਾਇਕਾਂ ਨੂੰ ਉੱਚੀ ਆਵਾਜ਼ ਵਾਲੇ ਸੰਗੀਤ ਤੋਂ ਬਚਣ ਦੀ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਕੁਝ ਹਫਤੇ ਪਹਿਲਾਂ ਜਦੋਂ ਉਹ ਜਹਾਜ਼ ਵਿਚੋਂ ਉਤਰੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਕੁਝ ਸੁਣਾਈ ਨਹੀਂ ਦੇ ਰਿਹਾ। ਇਸ ਘਟਨਾ ਮਗਰੋਂ ਥੋੜ੍ਹਾ ਹੌਸਲਾ ਕਰਕੇ ਉਹ ਆਪਣੇ ਚਾਹੁਣ ਵਾਲਿਆਂ ਲਈ ਆਪਣੀ ਚੁੱਪ ਤੋੜਨਾ ਚਾਹੁੰਦੀ ਸੀ, ਜੋ ਉਸ ਨੂੰ ਪੁੱਛਦੇ ਰਹਿੰਦੇ ਸਨ ਕਿ ਉਹ ਪ੍ਰੋਗਰਾਮਾਂ ਵਿਚ ਸ਼ਾਮਲ ਕਿਉਂ ਨਹੀਂ ਹੁੰਦੀ। ਉਸ ਨੇ ਦੱਸਿਆ, ”ਮੇਰੇ ਡਾਕਟਰਾਂ ਨੇ ਵਾਇਰਲ ਅਟੈਕ ਕਾਰਨ ਮੈਨੂੰ ਦੁਰਲੱਭ ਬਿਮਾਰੀ ਹੋਣ ਬਾਰੇ ਦੱਸਿਆ ਹੈ। ਮੈਂ ਹੁਣ ਇਸ ਬਿਮਾਰੀ ਨਾਲ ਜਿਊਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿਰਪਾ ਕਰਕੇ ਮੈਨੂੰ ਆਪਣੀਆਂ ਦੁਆਵਾਂ ਵਿਚ ਯਾਦ ਰੱਖਣਾ।”