#AMERICA

ਪੈਂਟਾਗਨ ‘ਚ ਪੱਤਰਕਾਰਾਂ ਦੀ ਪਹੁੰਚ ‘ਤੇ ਅਸਥਾਈ ਪਾਬੰਦੀ

ਅਦਾਲਤ ਨੇ ਕਿਹਾ; ਹੁਣ ਐਸਕਾਰਟ ਲਾਜ਼ਮੀ
ਵਾਸ਼ਿੰਗਟਨ, 29 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਰੱਖਿਆ ਵਿਭਾਗ (ਡਿਪਾਰਟਮੈਂਟ ਆਫ ਡਿਫੈਂਸ) ਨੂੰ ਵੱਡੀ ਕਾਨੂੰਨੀ ਰਾਹਤ ਮਿਲੀ ਹੈ ਕਿਉਂਕਿ ਫੈਡਰਲ ਅਪੀਲ ਅਦਾਲਤ ਨੇ ਫਿਲਹਾਲ ਪੱਤਰਕਾਰਾਂ ਲਈ ਪੈਂਟਾਗਨ ਵਿਚ ਬਿਨਾਂ ਐਸਕਾਰਟ ਘੁੰਮਣ ‘ਤੇ ਪਾਬੰਦੀ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਤਿੰਨ ਜੱਜਾਂ ਦੀ ਬੈਂਚ ਨੇ ਸੋਮਵਾਰ ਨੂੰ 2-1 ਦੇ ਫੈਸਲੇ ਨਾਲ ਰੱਖਿਆ ਵਿਭਾਗ ਦੀ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ, ਜਿਸ ਵਿਚ ਹੇਠਲੀ ਅਦਾਲਤ ਦੇ ਹੁਕਮ ਦੇ ਇੱਕ ਹਿੱਸੇ ਨੂੰ ਰੋਕਣ ਦੀ ਮੰਗ ਕੀਤੀ ਗਈ ਸੀ। ਇਸ ਨਾਲ ਹੁਣ ਲਈ ਪੱਤਰਕਾਰਾਂ ਨੂੰ ਪੈਂਟਾਗਨ ਵਿਚ ਦਾਖਲ ਹੋਣ ਸਮੇਂ ਐਸਕਾਰਟ ਨਾਲ ਹੀ ਜਾਣਾ ਪਵੇਗਾ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ The New York Times ਨੇ ਰੱਖਿਆ ਵਿਭਾਗ ਦੀ ਨਵੀਂ ਪਾਲਿਸੀ ਨੂੰ ਚੁਣੌਤੀ ਦਿੰਦਿਆਂ ਮਾਰਚ ਮਹੀਨੇ ਵਿਚ ਕੇਸ ਕੀਤਾ ਸੀ। ਉਸ ਵੇਲੇ ਡਿਸਟ੍ਰਿਕਟ ਜੱਜ ਪਾਲ ਫ੍ਰਾਈਡਮੈਨ ਨੇ ਇਸ ਪਾਲਿਸੀ ਦੇ ਖਿਲਾਫ ਫੈਸਲਾ ਦਿੱਤਾ ਸੀ।
ਸਤੰਬਰ 2025 ਵਿਚ ਲਾਗੂ ਕੀਤੇ ਗਏ ਨਿਯਮਾਂ ਮੁਤਾਬਕ, ਪੱਤਰਕਾਰਾਂ ਨੂੰ ਇੱਕ ਦਸਤਾਵੇਜ਼ ‘ਤੇ ਦਸਤਖਤ ਕਰਨੇ ਪੈਂਦੇ ਸਨ, ਜਿਸ ਵਿਚ ਇਹ ਚੇਤਾਵਨੀ ਹੁੰਦੀ ਸੀ ਕਿ ਜੇ ਉਹ ”ਸੁਰੱਖਿਆ ਖਤਰਾ” ਮੰਨੇ ਗਏ, ਤਾਂ ਉਨ੍ਹਾਂ ਦੀ ਪਹੁੰਚ ਰੱਦ ਕੀਤੀ ਜਾ ਸਕਦੀ ਹੈ — ਭਾਵੇਂ ਜਾਣਕਾਰੀ ਗੁਪਤ ਨਾ ਵੀ ਹੋਵੇ ਪਰ ਸੰਵੇਦਨਸ਼ੀਲ ਹੋ ਸਕਦੀ ਹੈ।
ਅਪੀਲ ਅਦਾਲਤ ਨੇ ਕਿਹਾ ਕਿ ਪੈਂਟਾਗਨ ਨੇ ਇਹ ਦਰਸਾਇਆ ਹੈ ਕਿ ਬਿਨਾਂ ਐਸਕਾਰਟ ਪਹੁੰਚ ਅਤੇ ਸੰਵੇਦਨਸ਼ੀਲ ਜਾਂ ਗੁਪਤ ਜਾਣਕਾਰੀ ਦੇ ਲੀਕ ਹੋਣ ਵਿਚ ਸੰਬੰਧ ਮਿਲਿਆ ਹੈ। ਇਸ ਲਈ ਇਹ ਨੀਤੀ ਰਾਸ਼ਟਰੀ ਸੁਰੱਖਿਆ ਦੇ ਹਿਤਾਂ ਨੂੰ ਮਜ਼ਬੂਤ ਕਰਦੀ ਹੈ।
ਹਾਲਾਂਕਿ, ਜੱਜਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਮੀਡੀਆ ਦੀ ਆਜ਼ਾਦੀ ਅਤੇ ਸਰਕਾਰੀ ਕਾਰਜਵਾਹੀ ਬਾਰੇ ਜਾਣਕਾਰੀ ਦੇ ਪ੍ਰਵਾਹ ‘ਤੇ ਅਸਰ ਪੈ ਸਕਦਾ ਹੈ।
ਪੈਂਟਾਗਨ ਦੇ ਬੁਲਾਰੇ ਸੀਨ ਪਾਰਨੇਲ ਨੇ ਅਦਾਲਤੀ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਪੱਤਰਕਾਰਾਂ ਕੋਲ ਅਜੇ ਵੀ ਵੈਧ ਪ੍ਰੈੱਸ ਕਰੀਡੈਂਸ਼ਲ ਹਨ ਅਤੇ ਉਹ ਬ੍ਰੀਫਿੰਗ, ਪ੍ਰੈੱਸ ਕਾਨਫਰੰਸ ਅਤੇ ਇੰਟਰਵਿਊਜ਼ ਵਿਚ ਸ਼ਾਮਲ ਹੋ ਸਕਦੇ ਹਨ।