ਸ੍ਰੀਨਗਰ, 9 ਮਈ (ਪੰਜਾਬ ਮੇਲ)- ਪਾਕਿ ਵੱਲੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ਪਾਰ ਕੀਤੀ ਗੋਲਾਬਾਰੀ ‘ਚ 4 ਬੱਚਿਆਂ ਤੇ 4 ਸਿੱਖਾਂ ਸਮੇਤ ਕਰੀਬ 14 ਨਾਗਰਿਕਾਂ ਦੀ ਮੌਤ ਹੋਈ ਹੈ, ਜਦਕਿ 57 ਹੋਰ ਜ਼ਖ਼ਮੀ ਹੋਏ। ਗੋਲਾਬਾਰੀ ‘ਚ ਇਕ ਸਥਾਨਕ ਗੁਰਦੁਆਰੇ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਖਬਰ ਏਜੰਸੀ ਦੀ ਰਿਪੋਰਟ ਅਨੁਸਾਰ ਚਸ਼ਮਦੀਦਾਂ ਨੇ ਗੋਲਾਬਾਰੀ ਦੀ ਤੀਬਰਤਾ ਨੂੰ 1999 ਦੇ ਕਾਰਗਿਲ ਯੁੱਧ ਨਾਲੋਂ ਵੀ ਭੈੜੀ ਦੱਸਿਆ ਹੈ। ਸਥਾਨਕ ਦੁਕਾਨਦਾਰ ਅਮਰੀਕ ਸਿੰਘ ਸਿੰਡੀਕੇਟ ਚੌਕ ਨੇੜੇ ਆਪਣੀ ਦੁਕਾਨ ਦੇ ਬਾਹਰ ਇਕ ਗੋਲਾ ਫਟਣ ਨਾਲ ਤੁਰੰਤ ਮਾਰਿਆ ਗਿਆ। ਨੇੜਲੇ ਗੁਰਦੁਆਰੇ ਸ੍ਰੀ ਗੁਰੂ ਸਿੰਘ ਸਭਾ ਨੂੰ ਗੋਲਾਬਾਰੀ ਦੌਰਾਨ ਕਾਫ਼ੀ ਨੁਕਸਾਨ ਹੋਇਆ।
ਮ੍ਰਿਤਕਾਂ ਦੀ ਪਛਾਣ ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਅਮਰੀਕ ਸਿੰਘ (59), ਬਲਵਿੰਦਰ ਕੌਰ ਉਰਫ਼ ਰੂਬੀ (33), ਰਣਜੀਤ ਸਿੰਘ (48), ਸਾਬਕਾ ਫ਼ੌਜੀ ਅਮਰਜੀਤ ਸਿੰਘ (47), ਮੁਹੰਮਦ ਜ਼ੈਨ ਖਾਨ (10), ਜ਼ੋਇਆ ਖਾਨ (12), ਮੁਹੰਮਦ ਅਕਰਮ (42), ਮੁਹੰਮਦ ਇਕਬਾਲ (45), ਸ਼ਕੀਲਾ ਬੀ (40) ਆਦਿ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ‘ਚ ਵੀ ਸਰਹੱਦ ਪਾਰੋਂ ਹੋਈ ਗੋਲਾਬਾਰੀ ‘ਚ 5 ਨਾਬਾਲਗ ਬੱਚਿਆਂ ਸਮੇਤ 10 ਵਿਅਕਤੀ ਜ਼ਖਮੀ ਹੋਏ ਹਨ, ਜਦਕਿ ਰਾਜੌਰੀ ਜ਼ਿਲ੍ਹੇ ‘ਚ ਤਿੰਨ ਹੋਰ ਜ਼ਖਮੀ ਹੋ ਗਏ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫ਼ੌਜ ਗੋਲਾਬਾਰੀ ਦਾ ਢੁਕਵਾਂ ਜਵਾਬ ਦੇ ਰਹੀ ਹੈ, ਜਿਸ ਦੇ ਨਤੀਜੇ ਵਜੋਂ ਦੁਸ਼ਮਣ ਵਾਲੇ ਪਾਸੇ ਕਾਫੀ ਜਾਨੀ ਨੁਕਸਾਨ ਹੋਇਆ ਹੈ। ਗੋਲਾਬਾਰੀ ‘ਚ ਉਨ੍ਹਾਂ ਦੀਆਂ ਕਈ ਚੌਕੀਆਂ ਤਬਾਹ ਹੋਈਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ‘ਚ ਸਭ ਤੋਂ ਵੱਧ ਪ੍ਰਭਾਵਿਤ ਪੁਣਛ ਜ਼ਿਲ੍ਹਾ ਸੀ। ਜ਼ਖ਼ਮੀ 28 ਵਿਅਕਤੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਣਛ ‘ਚ ਕੰਟਰੋਲ ਰੇਖਾ ਦੇ ਨਾਲ-ਨਾਲ ਬਾਲਾਕੋਟ, ਮੇਂਢਰ, ਮਨਕੋਟ, ਕ੍ਰਿਸ਼ਨਾ ਘਾਟੀ, ਗੁਲਪੁਰ, ਕੇਰਨੀ ਤੇ ਇਥੋਂ ਤੱਕ ਕਿ ਪੁਣਛ ਜ਼ਿਲ੍ਹਾ ਹੈੱਡਕੁਆਰਟਰ ਤੋਂ ਵੀ ਗੋਲੀਬਾਰੀ ਦੀ ਰਿਪੋਰਟ ਮਿਲੀ ਹੈ, ਜਿਸ ਦੇ ਨਤੀਜੇ ਵਜੋਂ ਦਰਜਨਾਂ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ।
ਪਾਕਿ ਵੱਲੋਂ ਜੰਮੂ-ਕਸ਼ਮੀਰ ‘ਚ ਭਾਰੀ ਗੋਲਾਬਾਰੀ ਦੌਰਾਨ 4 ਸਿੱਖਾਂ ਸਮੇਤ 14 ਮੌਤਾਂ
