ਰਿਕਟਰ ਸਕੇਲ ‘ਤੇ ਪਾਕਿਸਤਾਨ ‘ਚ 5.3 ਤੇ ਜਾਪਾਨ ‘ਚ 5.8 ਤੀਬਰਤਾ ਨਾਲ ਆਇਆ ਭੂਚਾਲ
ਇਸਲਾਮਾਬਾਦ/ਟੋਕੀਓ, 26 ਜੂਨ (ਪੰਜਾਬ ਮੇਲ)- ਪਾਕਿਸਤਾਨ ਅਤੇ ਜਾਪਾਨ ਵਿਚ ਕੁਝ ਘੰਟਿਆਂ ਦੇ ਫ਼ਰਕ ਨਾਲ ਅੱਜ ਸ਼ਾਮ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਦੋਵੇਂ ਦੇਸ਼ ਭੂਚਾਲ ਦੇ ਖ਼ਤਰੇ ਵਾਲੇ ਖੇਤਰਾਂ ਵਿਚ ਆਉਂਦੇ ਹਨ। ਹਾਲਾਂਕਿ ਕਿਸੇ ਵੀ ਥਾਂ ਤੋਂ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਭਾਰਤ ਦੇ ਕੌਮੀ ਭੂਚਾਲ ਵਿਗਿਆਨ ਕੇਂਦਰ (ਐੱਨਸੀਐੱਸ) ਅਨੁਸਾਰ ਪਾਕਿਸਤਾਨ ਵਿੱਚ ਸ਼ਾਮ 5:18 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ‘ਤੇ ਤੀਬਰਤਾ 5.3 ਮਾਪੀ ਗਈ। ਇਸ ਭੂਚਾਲ ਦੀ ਡੂੰਘਾਈ ਜ਼ਮੀਨ ਦੇ ਹੇਠਾਂ 75 ਕਿਲੋਮੀਟਰ ਦਰਜ ਕੀਤੀ ਗਈ।
ਦੂਜੇ ਪਾਸੇ ਯੂਰਪੀਅਨ-ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ (ਈ.ਐੱਮ.ਐੱਸ.ਸੀ.) ਮੁਤਾਬਕ ਜਾਪਾਨ ਦੇ ਪੂਰਬੀ ਹੋਨਸ਼ੂ ਟਾਪੂ ਨੇੜੇ 5.8 ਸ਼ਿੱਦਤ ਵਾਲਾ ਭੂਚਾਲ ਆਇਆ। ਭੂਚਾਲ ਦੇ ਝਟਕੇ ਸ਼ੁੱਕਰਵਾਰ ਨੂੰ ਮਹਿਸੂਸ ਕੀਤੇ ਗਏ। ਫਿਲਹਾਲ ਜਾਪਾਨੀ ਅਧਿਕਾਰੀਆਂ ਵੱਲੋਂ ਕਿਸੇ ਵੱਡੇ ਨੁਕਸਾਨ ਜਾਂ ਸੁਨਾਮੀ ਦੀ ਚਿਤਾਵਨੀ ਸਬੰਧੀ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।
ਪਾਕਿਸਤਾਨ ਨੂੰ ਦੁਨੀਆਂ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਹ ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ ਦੇ ਮਿਲਾਪ ਵਾਲੇ ਖੇਤਰ ਵਿਚ ਸਥਿਤ ਹੈ। ਇਸ ਕਾਰਨ ਬਲੋਚਿਸਤਾਨ, ਖੈਬਰ ਪਖਤੂਨਖਵਾ, ਗਿਲਗਿਟ-ਬਾਲਟਿਸਤਾਨ, ਪੰਜਾਬ ਅਤੇ ਸਿੰਧ ਵਰਗੇ ਇਲਾਕਿਆਂ ਵਿਚ ਸਮੇਂ-ਸਮੇਂ ‘ਤੇ ਭੂਚਾਲ ਆਉਂਦੇ ਰਹਿੰਦੇ ਹਨ।
ਉੱਥੇ ਹੀ ਜਾਪਾਨ ਵੀ ਦੁਨੀਆਂ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿਚੋਂ ਇੱਕ ਹੈ। ਇਹ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ਼ ਫਾਇਰ’ ਖੇਤਰ ‘ਚ ਸਥਿਤ ਹੈ, ਜਿੱਥੇ ਕਈ ਟੈਕਟੋਨਿਕ ਪਲੇਟਾਂ ਆਪਸ ਵਿਚ ਮਿਲਦੀਆਂ ਹਨ। ਇਸ ਕਾਰਨ ਉੱਥੇ ਅਕਸਰ ਭੂਚਾਲ ਅਤੇ ਜਵਾਲਾਮੁਖੀ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।
ਦੋਵੇਂ ਦੇਸ਼ਾਂ ਵਿਚ ਆਏ ਇਨ੍ਹਾਂ ਭੂਚਾਲਾਂ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਹੁਣ ਤੱਕ ਕਿਸੇ ਵੱਡੀ ਤਬਾਹੀ ਦੀ ਪੁਸ਼ਟੀ ਨਹੀਂ ਹੋਈ ਹੈ।
ਪਾਕਿਸਤਾਨ ਅਤੇ ਜਾਪਾਨ ‘ਚ ਲੱਗੇ ਭੂਚਾਲ ਦੇ ਝਟਕੇ

