ਪਟਿਆਲਾ, 25 ਨਵੰਬਰ (ਪੰਜਾਬ ਮੇਲ)- ਪਟਿਆਲਾ ‘ਚ ਪੁਲਿਸ ਅਤੇ ਲੁਟੇਰਿਆਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਇਸ ਦੌਰਾਨ ਥਾਰ ਜੀਪ ਲੁੱਟਣ ਵਾਲਾ ਮੁੱਖ ਮੁਲਜ਼ਮ ਐਨਕਾਊਂਟਰ ਦੌਰਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਪਟਿਆਲਾ ਪੁਲਿਸ ਵੱਲੋਂ ਨਾਭਾ ‘ਚੋਂ ਲੁੱਟੀ ਥਾਰ ਜੀਪ ਦੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਅਤੇ ਪਟਿਆਲਾ ਪੁਲਿਸ ਵੱਲੋਂ ਅੱਜ ਸੀ.ਆਈ.ਏ. ਸਟਾਫ ਪਟਿਆਲਾ ਦੇ ਇੰਚਾਰਜ ਸ਼ਵਿੰਦਰ ਸਿੰਘ ਦੀ ਪੁਲਿਸ ਟੀਮ ਨੇ ਚੰਡੀਗੜ੍ਹ ਬਠਿੰਡਾ ਹਾਈਵੇ ‘ਤੇ ਨਾਕਾ ਲਗਾਇਆ ਹੋਇਆ ਸੀ। ਜਦੋਂ ਉਨ੍ਹਾਂ ਨੇ ਇੱਕ ਗੱਡੀ ਥਾਰ ਜੀਪ ਨੌਜਵਾਨ ਨੂੰ ਇਸ਼ਾਰਾ ਕੀਤਾ, ਤਾਂ ਉਸ ਨੇ ਪੁਲਿਸ ਪਾਰਟੀ ‘ਤੇ ਉਲਟਾ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਫਾਇਰ ਕੀਤੇ, ਜਿਸ ‘ਚ ਨੌਜਵਾਨ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਨਾਭਾ ਤੋਂ ਲੁੱਟੀ ਹੋਈ ਥਾਰ ਜੀਪ ਤੇ 32 ਬੌਰ ਪਿਸਟਲ ਬਰਾਮਦ ਕੀਤਾ ਹੈ। ਜ਼ਖ਼ਮੀ ਲੁਟੇਰੇ ਖ਼ਿਲਾਫ਼ ਅੱਧੀ ਦਰਜ ਦੇ ਕਰੀਬ ਲੁੱਟ-ਖੋਹ ਦੇ ਪਟਿਆਲਾ, ਸੰਗਰੂਰ, ਖੰਨਾ ਵਿਚ ਮੁਕੱਦਮੇ ਦਰਜ ਹਨ। ਐੱਸ.ਐੱਸ.ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਲਜ਼ਮ ਸਰੋਵਰ ਸਿੰਘ ਹੈ, ਜੋ ਕਿ ਨਾਭੇ ਦਾ ਬਦਮਾਸ਼ ਸੀ ਅਤੇ ਉਹ ਨਾਭਾ ਜੇਲ੍ਹ ‘ਚੋਂ ਬਾਹਰ ਆ ਕੇ ਬਦਮਾਸ਼ੀ ਕਰਦਾ ਸੀ ਅਤੇ ਜਿਸ ਦੇ ਖ਼ਿਲਾਫ਼ ਕਈ ਮਾਮਲੇ ਦਰਜ ਹਨ।