#AMERICA

ਨੈਸ਼ਨਲ ਗਾਰਡ ਤਾਇਨਾਤ ਕਰਨਾ ਤਾਨਾਸ਼ਾਹੀ ਕਾਰਵਾਈ, ਪ੍ਰਭੂਸੱਤਾ ਦੀ ਉਲੰਘਣਾ : ਕੈਲੀਫੋਰਨੀਆ ਗਵਰਨਰ

* ਲਿਖੇ ਪੱਤਰ ਵਿਚ ਕੈਲੀਫੋਰਨੀਆ ਦਾ ਕੰਟਰੋਲ ਵਾਪਸ ਕਰਨ ਲਈ ਕਿਹਾ
ਸੈਕਰਾਮੈਂਟੋ, 11 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ‘ਤੇ ਲਾਸ ਏਂਜਲਸ ਵਿਚ ਨੈਸ਼ਨਲ ਗਾਰਡ ਪੁਜ ਗਏ ਹਨ, ਜਦਕਿ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਨਿਰੰਤਰ ਜਾਰੀ ਹੈ। ਪ੍ਰਦਰਸ਼ਨਕਾਰੀਆਂ ਤੇ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਜਵਾਨਾਂ ਵਿਚਾਲੇ ਤਾਜ਼ਾ ਝੜਪਾਂ ਹੋਣ ਦੀਆਂ ਖਬਰਾਂ ਹਨ। ਲਾਸ ਏਂਜਲਸ ਦੀ ਮੇਅਰ ਕਾਰੇਨ ਬਾਸ ਤੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਪ੍ਰਗਟਾਏ ਤਿੱਖੇ ਪ੍ਰਤੀਕਰਮ ਦੇ ਬਾਵਜੂਦ ਟਰੰਪ ਨੇ ਲਾਸ ਏਂਜਲਸ ਵਿਚ 2000 ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਆਦੇਸ਼ ਦਿੱਤਾ। ਯੂ.ਐੱਸ. ਨਾਰਦਰਨ ਕਮਾਂਡ ਨੇ ਕਿਹਾ ਹੈ ਕਿ ਸੰਘੀ ਜਾਇਦਾਦ ਦੀ ਰਾਖੀ ਲਈ ਲਾਸ ਏਂਜਲਸ ਦੇ 3 ਸਥਾਨਾਂ ‘ਤੇ ਨੈਸ਼ਨਲ ਗਾਰਡ ਤਾਇਨਾਤ ਕੀਤੇ ਗਏ ਹਨ। ਨਿਊਸਮ ਨੇ ਟਰੰਪ ਦੁਆਰਾ ਨੈਸ਼ਨਲ ਗਾਰਡ ਤਾਇਨਾਤ ਕੀਤੇ ਜਾਣ ਨੂੰ ਤਾਨਾਸ਼ਾਹੀ ਕਾਰਵਾਈ ਕਿਹਾ ਹੈ।

ਪ੍ਰਦਰਸ਼ਨਕਾਰੀਆਂ ਨਾਲ ਝੜਪਾਂ ਦਾ ਇਕ ਦ੍ਰਿਸ਼।

ਗਵਰਨਰ ਨੇ ਲਿਖੇ ਇਕ ਪੱਤਰ ਵਿਚ ਫੌਜ ਦੀ ਤਾਇਨਾਤੀ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਟਰੰਪ ਪ੍ਰਸ਼ਾਸਨ ਕੋਲੋਂ ਇਸ ਸਬੰਧੀ ਜਾਰੀ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ ਹੈ। ਗਵਰਨਰ ਨੇ ਕਿਹਾ ਹੈ ਕਿ ਟਰੰਪ ਦਾ ਨਿਰਣਾ ਰਾਜ ਦੀ ਪ੍ਰਭੂਸੱਤਾ ਦੀ ਗੰਭੀਰ ਉਲੰਘਣਾ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਨਿਯੰਤਰਣ ਕੈਲੀਫੋਰਨੀਆ ਨੂੰ ਵਾਪਸ ਕੀਤਾ ਜਾਵੇ। ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਕਰਨ ਲਈ ਡਾਊਨਟਾਊਨ ਲਾਸ ਏਂਜਲਸ ਵਿਚ ਸੈਂਕੜੇ ਲੋਕ ਇੱਕਠੇ ਹੋਏ ਤੇ ਉਨ੍ਹਾਂ ਨੇ ਟਰੰਪ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ। ਲਾਸ ਏਂਜਲਸ ਪੁਲਿਸ ਵਿਭਾਗ ਨੇ ਪਾਈ ਇਕ ਸੋਸ਼ਲ ਪੋਸਟ ਵਿਚ ਕਿਹਾ ਹੈ ਕਿ ਹਰ ਇਕ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰੰਤੂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਜਾਂ ਅਫਸਰਾਂ ਉਪਰ ਹਮਲਾ ਕਰਨਾ ਸਹਿਣ ਨਹੀਂ ਕੀਤਾ ਜਾਵੇਗਾ।