#AMERICA

ਨਿਵੇਸ਼ ਫਰਾਡ ਸਕੀਮ ਮਾਮਲੇ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ 5 ਸਾਲ ਕੈਦ

ਸੈਕਰਾਮੈਂਟੋ, 20 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 21.25 ਕਰੋੜ ਡਾਲਰ ਦੀ ਨਿਵੇਸ਼ ਫਰਾਡ ਸਕੀਮ ਮਾਮਲੇ ‘ਚ ਕੋਲਟਸ ਨੈੱਕ, ਨਿਊਜਰਸੀ ਦੇ ਭਾਰਤੀ ਮੂਲ ਦੇ 55 ਸਾਲਾ ਪਰਮਜੀਤ ਪਰਮਾਰ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਪਰਮਾਰ ਜੋ ਪਾਲ ਪਰਮਾਰ ਵਜੋਂ ਵੀ ਜਾਣਿਆ ਜਾਂਦਾ ਹੈ, ਉਪਰ ਰਿਹਾਈ ਉਪਰੰਤ 3 ਸਾਲ ਨਿਗਰਾਨੀ ਰੱਖਣ ਦਾ ਵੀ ਆਦੇਸ਼ ਦਿੱਤਾ ਹੈ। ਉਸ ਨੇ 2025 ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਅਦਾਲਤੀ ਦਸਤਾਵੇਜ਼ ਅਨੁਸਾਰ ਪਰਮਾਰ ਨੇ 2015 ਤੋਂ 2017 ਦਰਮਿਆਨ ਸਹਿ ਸਾਜ਼ਿਸ਼ਕਾਰਾਂ ਸੈਮ ਜ਼ਾਹਾਰਿਸ ਤੇ ਰਵੀ ਚਿਵੂਕੁਲਾ ਨਾਲ ਮਿਲ ਕੇ ਇਕ ਫਰਾਡ ਸਕੀਮ ਤਹਿਤ ਤਕਰੀਬਨ 21.25 ਕਰੋੜ ਡਾਲਰ ਇਕੱਠੇ ਕੀਤੇ। ਇਸ ਤੋਂ ਇਲਾਵਾ ਪਬਲਿਕ ਮਾਰਕਿਟ ਰਾਹੀਂ ਵੀ ਲੋਕਾਂ ਕੋਲੋਂ ਫੰਡ ਜੁਟਾਇਆ। ਇਹ ਮਾਮਲਾ ਸਤੰਬਰ 2017 ‘ਚ ਸਾਹਮਣੇ ਆਇਆ, ਜਦੋਂ ਪਰਮਾਰ ਤੇ ਹੋਰ ਸਾਜ਼ਿਸ਼ਕਾਰ ਕੰਪਨੀ ਤੋਂ ਅਸਤੀਫਾ ਦੇ ਗਏ ਸਨ ਜਾਂ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ।