ਨਿਊਯਾਰਕ, 9 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਵਿਚ ਇੱਕ ਦਰਦਨਾਕ ਸੜਕ ਹਾਦਸੇ ਵਿਚ ਆਂਧਰਾ ਪ੍ਰਦੇਸ਼ ਨਾਲ ਸਬੰਧਤ ਇੱਕ ਨੌਜਵਾਨ ਤੇਲਗੂ ਵਿਦਿਆਰਥਣ ਦੀ ਮੌਤ ਹੋ ਗਈ। ਪੇਸ ਯੂਨੀਵਰਸਿਟੀ ਦੇ ਲੁਬਿਨ ਸਕੂਲ ਆਫ਼ ਬਿਜ਼ਨਸ ਤੋਂ ਹਾਲ ਹੀ ਵਿਚ ਗ੍ਰੈਜੂਏਟ ਹੋਈ ਪ੍ਰਸੰਨਾ ਅਤਲੂਰੀ ਨਾਮੀਂ ਵਿਦਿਆਰਥਣ ਆਂਧਰਾ ਪ੍ਰਦੇਸ਼ ਦੇ ਐੱਨ.ਟੀ.ਆਰ. ਜ਼ਿਲ੍ਹੇ ਦੇ ਇਬਰਾਹਿਮਪਟਨਮ ਮੰਡਲ ਦੇ ਮੂਲਾਪਾਡੂ ਪਿੰਡ ਦੀ ਰਹਿਣ ਵਾਲੀ ਸੀ। ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪ੍ਰਸੰਨਾ ਆਪਣੇ ਦੋਸਤਾਂ ਨਾਲ ਇੱਕ ਮੰਦਰ ਵਿਚ ਮੱਥਾ ਟੇਕਣ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ।
ਕਥਿਤ ਤੌਰ ‘ਤੇ ਉਸਦੀ ਕਾਰ ਟ੍ਰੈਫਿਕ ਸਿਗਨਲ ‘ਤੇ ਰੁਕੀ ਹੋਈ ਸੀ, ਜਦੋਂ ਇੱਕ ਹੋਰ ਵਾਹਨ ਨੇ ਪਿੱਛੇ ਤੋਂ ਬਹੁਤ ਜ਼ੋਰ ਨਾਲ ਟੱਕਰ ਮਾਰ ਦਿੱਤੀ। ਪ੍ਰਸੰਨਾ ਅਤੇ ਕਾਰ ਵਿਚ ਸਵਾਰ ਇੱਕ ਹੋਰ ਨੌਜਵਾਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਤੀਜੀ ਸਵਾਰੀ ਗੰਭੀਰ ਸੱਟਾਂ ਦੇ ਨਾਲ ਜਾਨ ਤੋਂ ਬਚ ਗਈ ਅਤੇ ਇਸ ਸਮੇਂ ਉਹ ਸਥਾਨਕ ਹਸਪਤਾਲ ਵਿਚ ਇਲਾਜ ਅਧੀਨ ਹੈ। ਮ੍ਰਿਤਕ ਪ੍ਰਸੰਨਾ ਨੇ ਹੁਣੇ ਹੀ ਆਪਣੀ ਡਿਗਰੀ ਪੂਰੀ ਕੀਤੀ ਸੀ ਅਤੇ ਨੌਕਰੀ ਦੀ ਭਾਲ ਕਰ ਰਹੀ ਸੀ। ਉਸਦੀ ਮੌਤ ਨੇ ਅਮਰੀਕਾ ਵਿਚ ਤੇਲਗੂ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਸਦੇ ਚਚੇਰੇ ਭਰਾ ਰਵੀ ਕੁਮਾਰ ਅਤਲੂਰੀ ਨੇ ਅੰਤਿਮ ਸੰਸਕਾਰ ਦੇ ਖਰਚਿਆਂ, ਉਸਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ, ਪਰਿਵਾਰਕ ਯਾਤਰਾ ਦੇ ਖਰਚਿਆਂ ਅਤੇ ਉਸ ਦੇ ਬਾਕੀ ਵਿਦਿਆਰਥੀ ਕਰਜ਼ਿਆਂ ਨੂੰ ਪੂਰਾ ਕਰਨ ਲਈ ਇੱਕ ਗੌ ਫੰਡ ਮੀ ਸ਼ੁਰੂ ਕੀਤਾ ਹੈ। ਇਹ ਮੁਹਿੰਮ ਪਹਿਲਾਂ ਹੀ ਆਪਣੇ 75,000 ਡਾਲਰ ਦੇ ਟੀਚੇ ਵਿਚੋਂ 40,000 ਡਾਲਰ ਨੂੰ ਪਾਰ ਕਰ ਚੁੱਕੀ ਹੈ, ਜਿਸ ਵਿਚ ਲਗਭਗ 900 ਦੇ ਕਰੀਬ ਲੋਕਾਂ ਨੇ ਯੋਗਦਾਨ ਪਾਇਆ ਹੈ।
ਨਿਊਯਾਰਕ ‘ਚ ਵਾਪਰੇ ਕਾਰ ਹਾਦਸੇ ‘ਚ ਭਾਰਤੀ ਵਿਦਿਆਰਥਣ ਦੀ ਮੌਤ

