#AMERICA

ਨਾਬਾਲਗ ਵੱਲੋਂ ਸਕੂਲ ‘ਚ 4 ਸਾਥੀ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਮਾਮਲੇ ‘ਚ ਮਾਂ ਦੋਸ਼ੀ ਕਰਾਰ

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਜੈਨੀਫਰ ਕਰੂੰਬਲੇ ਜੋ ਉਸ ਨਬਾਲਗ ਦੀ ਮਾਂ ਹੈ, ਜਿਸ ਨੇ 2021 ‘ਚ ਮਿਸ਼ੀਗਨ ਦੇ ਆਕਸਫੋਰਡ ਹਾਈ ਸਕੂਲ ਵਿਚ ਘਰੋਂ ਲਿਆਂਦੀ ਗੰਨ ਨਾਲ ਗੋਲੀਆਂ ਮਾਰ ਕੇ 4 ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ, ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਸਕੂਲ ਵਿਚ ਹੋਈ ਗੋਲੀਬਾਰੀ ਲਈ ਮਾਂ ਵੀ ਜ਼ਿੰਮੇਵਾਰ ਹੈ, ਜਿਸ ਨੇ ਘਰ ਵਿਚ ਰੱਖੀ ਬੰਦੂਕ ਦੀ ਸੰਭਾਲ ਨਹੀਂ ਕੀਤੀ। 12 ਮੈਂਬਰੀ ਜਿਊਰੀ ਨੇ ਜੈਨੀਫਰ ਕਰੂੰਬਲੇ ਨੂੰ ਉਸ ਵਿਰੁੱਧ ਲੱਗੇ ਸਾਰੇ ਗੈਰ ਇਰਾਦਾ ਹੱਤਿਆਵਾਂ ਦੇ 4 ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾ। ਜਿਊਰੀ ਨੇ 10 ਘੰਟੇ ਤੋਂ ਵਧ ਸਮਾਂ ਸੁਣਵਾਈ ਉਪਰੰਤ ਜਦੋਂ ਫੈਸਲਾ ਪੜ੍ਹਿਆ, ਤਾਂ ਕਰੂੰਬਲੇ (45) ਨੇ ਹੇਠਾਂ ਵੱਲ ਤਕਿਆ ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। 30 ਨਵੰਬਰ 2021 ਨੂੰ ਕਰੂੰਬਲੇ ਨੇ ਆਪਣੇ ਵਿਰੁੱਧ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਨਾਬਾਲਗ ਵੱਲੋਂ ਕੀਤੀ ਗੋਲੀਬਾਰੀ ਵਿਚ 4 ਵਿਦਿਆਰਥੀ ਮਾਰੇ ਗਏ ਸਨ ਤੇ 6 ਹੋਰ ਵਿਦਿਆਰਥੀ ਤੇ ਇਕ ਅਧਿਆਪਕ ਜ਼ਖਮੀ ਹੋ ਗਿਆ ਸੀ। ਉਸ ਨੂੰ 9 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।