-ਗਿੱਧਾ ਟੀਮ ਵੱਲੋਂ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਦੇ ਦਫ਼ਤਰ ਦਾ ਦੌਰਾ
ਸੈਕਰਾਮੈਂਟੋ, 12 ਅਗਸਤ (ਪੰਜਾਬ ਮੇਲ)- ਸੈਕਰਾਮੈਂਟੋ ਦੇ ਨਟੋਮਸ ਇਲਾਕੇ ‘ਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਨਵਕਿਰਨ ਕੌਰ ਸੇਖੋਂ ਵੱਲੋਂ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਵੱਲੋਂ ਚਲਾਈ ਜਾ ਰਹੀ ਗਿੱਧਾ ਅਕੈਡਮੀ ਵਿਚ ਅਮਰੀਕਾ ਵਿਚ ਜੰਮੀਆਂ ਅਤੇ ਪਲੀਆਂ, ਵਧੀਆਂ ਪੰਜਾਬੀ ਮੂਲ ਦੀਆਂ ਕੁੜੀਆਂ ਨੂੰ ਗਿੱਧੇ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਬੱਚੀਆਂ ਪੰਜਾਬੀ ਬੋਲੀ ਬੋਲਣ ਵਿਚ ਪੂਰੀ ਤਰ੍ਹਾਂ ਨਿਪੁੰਨ ਨਹੀਂ ਹਨ, ਪਰ ਗਿੱਧੇ ਦੀਆਂ ਬੋਲੀਆਂ, ਲੋਕ-ਗੀਤਾਂ ਅਤੇ ਪੰਜਾਬੀ ਰਵਾਇਤਾਂ ਰਾਹੀਂ ਉਹ ਆਪਣੀ ਮਾਂ-ਬੋਲੀ ਅਤੇ ਸੱਭਿਆਚਾਰ ਨਾਲ ਜੁੜ ਰਹੀਆਂ ਹਨ। ਗਿੱਧਾ ਸਿੱਖਦਿਆਂ ਬੱਚੀਆਂ ਨੂੰ ਪੰਜਾਬੀ ਪਹਿਰਾਵੇ, ਰਸਮਾਂ-ਰਿਵਾਜ਼ਾਂ, ਲੋਕ-ਬੋਲੀਆਂ ਅਤੇ ਪੰਜਾਬ ਦੀ ਅਮੀਰ ਵਿਰਾਸਤ ਬਾਰੇ ਵੀ ਜਾਣਕਾਰੀ ਮਿਲ ਰਹੀ ਹੈ।
ਨਵਕਿਰਨ ਕੌਰ ਸੇਖੋਂ ਦੀ ਅਗਵਾਈ ਹੇਠ ਇਹ ਬੱਚੀਆਂ ਵੱਖ-ਵੱਖ ਸੱਭਿਆਚਾਰਕ ਸਮਾਗਮਾਂ ਅਤੇ ਗਿੱਧਾ ਮੁਕਾਬਲਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਚੁੱਕੀਆਂ ਹਨ। ਟੀਮ ਨੇ ਕਈ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟਰਾਫੀਆਂ ਵੀ ਆਪਣੇ ਨਾਮ ਕੀਤੀਆਂ ਹਨ।
ਹਾਲ ਹੀ ਵਿਚ ਇਸ ਗਿੱਧਾ ਟੀਮ ਨੇ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਦੇ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਬੱਚੀਆਂ ਅਤੇ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਵਕਿਰਨ ਕੌਰ ਸੇਖੋਂ ਨਾਲ ਪੰਜਾਬ ਮੇਲ ਯੂ.ਐੱਸ.ਏ. ਟੀ.ਵੀ. ਲਈ ਵਿਸ਼ੇਸ਼ ਇੰਟਰਵਿਊ ਵੀ ਕੀਤੀ ਗਈ। ਵਿਦੇਸ਼ੀ ਧਰਤੀ ‘ਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜਨ ਦਾ ਇਹ ਉਪਰਾਲਾ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।
ਨਵਕਿਰਨ ਕੌਰ ਸੇਖੋਂ ਵੱਲੋਂ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਦਾ ਉਪਰਾਲਾ

