#PUNJAB

ਦੋਹਰੀ ਨਾਗਰਿਕਤਾ ਮਾਮਲੇ ‘ਚ ਸਾਬਕਾ ਮੰਤਰੀ ਅਤਵਾਰ ਹੈਨਰੀ ਬਰੀ

ਜਲੰਧਰ, 17 ਫਰਵਰੀ (ਪੰਜਾਬ ਮੇਲ)- ਸਾਬਕਾ ਮੰਤਰੀ ਅਵਤਾਰ ਹੈਨਰੀ ਨੂੰ ਅਦਾਲਤ ਨੇ ਦੋਹਰੀ ਨਾਗਰਿਕਤਾ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਉਸ ਖ਼ਿਲਾਫ਼ ਭਾਰਤੀ ਅਤੇ ਵਿਦੇਸ਼ੀ ਪਾਸਪੋਰਟ ਨਾਲ ਚੋਣ ਲੜਨ ਦਾ ਮਾਮਲਾ ਚੱਲ ਰਿਹਾ ਸੀ। ਸੀ.ਜੇ.ਐੱਮ. ਐੱਨ.ਆਰ.ਆਈ. ਗਗਨਦੀਪ ਸਿੰਘ ਗਰਗ ਦੀ ਅਦਾਲਤ ਵਿਚ ਹੈਨਰੀ ਖ਼ਿਲਾਫ਼ ਦੋਸ਼ ਸਾਬਤ ਨਹੀਂ ਹੋ ਸਕੇ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਬਰੀ ਕਰਨ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਸੰਘੇੜਾ ਨੇ ਅਦਾਲਤ ਵਿਚ ਬਿਆਨ ਦਰਜ ਕਰਵਾਇਆ ਸੀ ਕਿ ਉਸ ਦੇ ਪਿਤਾ ਅਵਤਾਰ ਹੈਨਰੀ ਨੇ ਉਸ ਦੀ ਮਾਂ ਨੂੰ ਤਲਾਕ ਦਿੱਤੇ ਬਿਨਾਂ ਹੀ ਦੂਜਾ ਵਿਆਹ ਕਰ ਲਿਆ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ 1962 ਵਿਚ ਯੂ.ਕੇ. ਗਏ ਸਨ ਅਤੇ ਉਨ੍ਹਾਂ ਦਾ ਵਿਆਹ 1965 ਵਿਚ ਸੁਰਿੰਦਰ ਕੌਰ (ਹੁਣ ਮ੍ਰਿਤਕ) ਨਾਲ ਹੋਇਆ ਸੀ। ਉਸ ਦਾ ਜਨਮ 3 ਫਰਵਰੀ, 1966 ਨੂੰ ਹੋਇਆ ਸੀ ਅਤੇ ਉਸ ਦੇ ਪਿਤਾ ਨੇ 10 ਜਨਵਰੀ 1968 ਨੂੰ ਬ੍ਰਿਟਿਸ਼ ਨਾਗਰਿਕਤਾ ਲੈ ਲਈ ਸੀ। ਇਸ ਤੋਂ ਬਾਅਦ ਉਥੇ ਮੈਡੀਕਲ ਕਾਰਡ ਬਣਾਇਆ ਗਿਆ ਅਤੇ 1968 ਵਿਚ ਹੀ ਬ੍ਰਿਟਿਸ਼ ਪਾਸਪੋਰਟ ਬਣ ਗਿਆ। 1969 ਵਿਚ ਉਸ ਦੇ ਪਿਤਾ ਭਾਰਤ ਆਏ ਅਤੇ ਸੁਰਿੰਦਰ ਕੌਰ ਨੂੰ ਬਿਨਾਂ ਤਲਾਕ ਦਿੱਤੇ ਹਰਿੰਦਰ ਕੌਰ ਨਾਲ ਦੂਜਾ ਵਿਆਹ ਕਰਵਾ ਲਿਆ। 1997 ਵਿਚ, ਉਹ ਵਿਧਾਇਕ ਸਨ ਅਤੇ ਆਪਣੇ ਮੈਡੀਕਲ ਕਾਰਡ ਨੂੰ ਨਵਿਆਉਣ ਲਈ ਯੂ.ਕੇ. ਗਏ ਸਨ। ਪਿਛਲੀਆਂ ਚੋਣਾਂ ‘ਚ ਦੋਹਰੀ ਨਾਗਰਿਕਤਾ ਦੇ ਵਿਵਾਦ ‘ਚ ਉਲਝ ਕੇ ਹੈਨਰੀ ਦਾ ਨਾਂ ਵੋਟਰ ਸੂਚੀ ਵਿਚੋਂ ਹਟਾ ਦਿੱਤਾ ਗਿਆ ਸੀ। ਇਸ ਕਾਰਨ ਉਨ੍ਹਾਂ ਦੇ ਪੁੱਤਰ ਬਾਵਾ ਹੈਨਰੀ ਨੇ ਚੋਣ ਲੜੀ।