-ਰਾਤ ਨੂੰ ਵੀ ਟ੍ਰੇਡਿੰਗ ਸੈਸ਼ਨ ਸ਼ੁਰੂ ਕਰਨ ਦੀ ਤਿਆਰੀ
ਨਿਊਯਾਰਕ, 5 ਅਕਤੂਬਰ (ਪੰਜਾਬ ਮੇਲ)- ਅਮਰੀਕੀ ਸ਼ੇਅਰ ਬਾਜ਼ਾਰ ਵਿਚ ਨਿਵੇਸ਼ਕਾਂ ਨੂੰ ਜਲਦ ਹੀ ਦਿਨ ਦੇ ਨਾਲ-ਨਾਲ ਰਾਤ ਸਮੇਂ ਵੀ ਕਾਰੋਬਾਰ ਕਰਨ ਦੀ ਸਹੂਲਤ ਮਿਲ ਸਕਦੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਨੈਸਡੈਕ (Nasdaq), NYSE Arca, 24X National Exchange ਅਤੇ Cboe EDGX ਦਸੰਬਰ ਤੋਂ ਨਿਯਮਤ ਕਾਰੋਬਾਰੀ ਸਮੇਂ ਤੋਂ ਇਲਾਵਾ ਰਾਤ ਸਮੇਂ ਵੀ ਟ੍ਰੇਡਿੰਗ ਸੈਸ਼ਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ।
ਪ੍ਰਸਤਾਵਿਤ ਪ੍ਰਬੰਧ ਤਹਿਤ ਨਿਊਯਾਰਕ ਦੇ ਸਮੇਂ ਅਨੁਸਾਰ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਸ਼ੇਅਰਾਂ ਦੀ ਖਰੀਦੋ-ਫਰੋਖ਼ਤ ਕੀਤੀ ਜਾ ਸਕੇਗੀ। ਇਹ ਸਹੂਲਤ ਮੌਜੂਦਾ ਨਿਯਮਤ ਟ੍ਰੇਡਿੰਗ ਸੈਸ਼ਨ ਦੇ ਨਾਲ-ਨਾਲ ਪ੍ਰੀ-ਮਾਰਕੀਟ ਅਤੇ ਆਫਟਰ-ਮਾਰਕੀਟ ਟ੍ਰੇਡਿੰਗ ਤੋਂ ਇਲਾਵਾ ਹੋਵੇਗੀ। ਰਿਪੋਰਟ ਅਨੁਸਾਰ, ਨਵਾਂ ਸੈਸ਼ਨ 6 ਦਸੰਬਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।
ਇਸ ਬਦਲਾਅ ਦਾ ਮੁੱਖ ਮਕਸਦ ਵੱਖ-ਵੱਖ ਟਾਈਮ ਜ਼ੋਨ ਵਿਚ ਰਹਿਣ ਵਾਲੇ ਵਿਦੇਸ਼ੀ ਨਿਵੇਸ਼ਕਾਂ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਤੱਕ ਆਸਾਨ ਪਹੁੰਚ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ ਹੀ ਕ੍ਰਿਪਟੋਕਰੰਸੀ ਅਤੇ ਪ੍ਰੈਡਿਕਸ਼ਨ ਮਾਰਕੀਟ ਵਰਗੇ 24 ਘੰਟੇ ਸਰਗਰਮ ਰਹਿਣ ਵਾਲੇ ਬਾਜ਼ਾਰਾਂ ਤੋਂ ਮਿਲ ਰਹੀ ਵਧਦੀ ਮੁਕਾਬਲੇਬਾਜ਼ੀ ਦਾ ਸਾਹਮਣਾ ਕਰਨਾ ਵੀ ਇਸ ਯੋਜਨਾ ਦਾ ਇੱਕ ਅਹਿਮ ਉਦੇਸ਼ ਹੈ।
ਫਿਲਹਾਲ ਨੈਸਡੈਕ ਅਤੇ ਨਿਊਯਾਰਕ ਸਟਾਕ ਐਕਸਚੇਂਜ (ਐੱਨ.ਵਾਈ.ਐੱਸ.ਈ.) ਵਿਚ ਮੁੱਖ ਕਾਰੋਬਾਰੀ ਸੈਸ਼ਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲਦਾ ਹੈ। ਇਸ ਤੋਂ ਇਲਾਵਾ ਸੀਮਤ ਕਾਰੋਬਾਰ ਲਈ ਪ੍ਰੀ-ਮਾਰਕੀਟ ਅਤੇ ਪੋਸਟ-ਮਾਰਕੀਟ ਸੈਸ਼ਨ ਵੀ ਉਪਲਬਧ ਹਨ।
ਪ੍ਰਸਤਾਵਿਤ ਬਦਲਾਅ ਤੋਂ ਬਾਅਦ ਵੀ ਰਾਤ 8 ਵਜੇ ਤੋਂ 9 ਵਜੇ ਤੱਕ ਇੱਕ ਘੰਟੇ ਦਾ ਬ੍ਰੇਕ ਰਹੇਗਾ। ਇਸ ਸਮੇਂ ਦੀ ਵਰਤੋਂ ਤਕਨੀਕੀ ਰੱਖ-ਰਖਾਅ ਅਤੇ ਟਰੇਡ ਪ੍ਰੋਸੈਸਿੰਗ ਲਈ ਕੀਤੀ ਜਾਵੇਗੀ। ਇਸ ਤਰ੍ਹਾਂ ਅਮਰੀਕੀ ਸ਼ੇਅਰ ਬਾਜ਼ਾਰ ਹਫ਼ਤੇ ਵਿਚ ਪੰਜ ਦਿਨ ਲਗਭਗ 23 ਘੰਟੇ ਕਾਰੋਬਾਰ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਸਕਦਾ ਹੈ।
ਅਮਰੀਕੀ ਸ਼ੇਅਰ ਬਾਜ਼ਾਰ ਵਿਚ ਰਾਤ ਸਮੇਂ ਟ੍ਰੇਡਿੰਗ ਕਰਨਾ ਪੂਰੀ ਤਰ੍ਹਾਂ ਨਵਾਂ ਨਹੀਂ ਹੈ। ਕੁਝ ਵਿਕਲਪਕ ਟ੍ਰੇਡਿੰਗ ਸਿਸਟਮਾਂ ਰਾਹੀਂ ਪਿਛਲੇ ਕਈ ਸਾਲਾਂ ਤੋਂ ਰਾਤ ਸਮੇਂ ਵੀ ਕਾਰੋਬਾਰ ਹੁੰਦਾ ਆ ਰਿਹਾ ਹੈ, ਹਾਲਾਂਕਿ ਕੁੱਲ ਇਕੁਇਟੀ ਟ੍ਰੇਡਿੰਗ ਵਿਚ ਇਸ ਦੀ ਹਿੱਸੇਦਾਰੀ ਅਜੇ ਵੀ ਕਾਫ਼ੀ ਘੱਟ ਹੈ।
ਹਾਲ ਹੀ ਵਿਚ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ.ਈ.ਸੀ.) ਦੀ ਇੱਕ ਰਾਊਂਡਟੇਬਲ ਮੀਟਿੰਗ ਵਿਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਦੂਜੀ ਤਿਮਾਹੀ ਦੌਰਾਨ ਕੁੱਲ ਇਕੁਇਟੀ ਟ੍ਰੇਡਿੰਗ ਵਾਲੀਅਮ ਵਿਚ ਰਾਤ ਸਮੇਂ ਹੋਣ ਵਾਲੀ ਟ੍ਰੇਡਿੰਗ ਦੀ ਹਿੱਸੇਦਾਰੀ ਲਗਭਗ 1 ਫੀਸਦੀ ਰਹੀ। ਹਾਲਾਂਕਿ, ਪਿਛਲੇ ਇੱਕ ਸਾਲ ਦੌਰਾਨ ਇਸ ਦੇ ਟ੍ਰੇਡਿੰਗ ਵਾਲੀਅਮ ਵਿਚ 358 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਦਸੰਬਰ ਤੋਂ ਅਮਰੀਕੀ ਸ਼ੇਅਰ ਬਾਜ਼ਾਰ ਦਾ ਬਦਲ ਸਕਦੈ ਸਮਾਂ!

