ਖ਼ੈਬਰ ਪਖ਼ਤੂਨਖ਼ਵਾ, 26 ਅਪ੍ਰੈਲ (ਪੰਜਾਬ ਮੇਲ)- ਜਿਵੇਂ ਕਿ ਭਾਰਤ ਨੂੰ ਪਹਿਲਗਾਮ ਅੱਤਵਾਦੀ ਹਮਲੇ, ਜਿਸ ਵਿਚ 26 ਲੋਕ ਮਾਰੇ ਗਏ ਸਨ, ਵਿਰੁੱਧ ਆਲਮੀ ਸਮਰਥਨ ਮਿਲ ਰਿਹਾ ਹੈ, ਉੁਸ ਤੋਂ ਪਾਕਿਸਤਾਨੀ ਨਿਜ਼ਾਮ ‘ਤੇ ਦਬਾਅ ਵਧ ਰਿਹਾ ਹੈ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ, ਸ਼ਨਿੱਚਰਵਾਰ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ”ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ” ਜਾਂਚ ਵਿਚ ਹਿੱਸਾ ਲੈਣ ਲਈ ਇਸਲਾਮਾਬਾਦ ਦੀ ਇੱਛਾ ਜ਼ਾਹਰ ਕੀਤੀ।
ਖੈਬਰ ਪਖਤੂਨਖਵਾ ਸੂਬੇ ਵਿਚ ਸਥਿਤ ਕਾਕੁਲ ਵਿਚ ਪਾਕਿਸਤਾਨ ਮਿਲਟਰੀ ਅਕੈਡਮੀ ਵਿਚ ਇੱਕ ਪਾਸਿੰਗ-ਆਊਟ ਪਰੇਡ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਕਿਹਾ, ”ਇੱਕ ਜ਼ਿੰਮੇਵਾਰ ਮੁਲਕ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਦੇ ਹੋਏ, ਪਾਕਿਸਤਾਨ ਕਿਸੇ ਵੀ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ ਵਿਚ ਹਿੱਸਾ ਲੈਣ ਲਈ ਤਿਆਰ ਹੈ।” ਪਾਕਿਸਤਾਨ ਨੂੰ ”ਅੱਤਵਾਦ ਵਿਰੁੱਧ ਦੁਨੀਆਂ ਦਾ ਮੋਹਰੀ ਮੁਲਕ” ਦੱਸਦਿਆਂ ਸ਼ਾਹਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਦੇਸ਼ ਨੇ ਇਸ ਕਾਰਨ ”ਭਾਰੀ ਨੁਕਸਾਨ ਝੱਲਿਆ ਹੈ।”
‘ਡਾਅਨ’ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ਼ ਨੇ ਕਿਹਾ, ”ਦਹਿਸ਼ਤਗਰਦੀ ਖ਼ਿਲਾਫ਼ ਦੁਨੀਆਂ ਦੇ ਮੋਹਰੀ ਮੁਲਕ ਹੋਣ ਦੇ ਨਾਤੇ, ਅਸੀਂ ਬਹੁਤ ਵੱਡਾ ਨੁਕਸਾਨ ਝੱਲਿਆ ਹੈ, ਜਿਵੇਂ 90,000 ਲੋਕਾਂ ਦਾ ਜਾਨੀ ਨੁਕਸਾਨ ਅਤੇ ਕਲਪਨਾ ਤੋਂ ਪਰੇ ਆਰਥਿਕ ਨੁਕਸਾਨ, ਜੋ 600 ਅਰਬ ਡਾਲਰ ਤੋਂ ਵੱਧ ਬਣਦਾ ਹੈ।”
ਇੱਕ ਦਿਨ ਪਹਿਲਾਂ, ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਮੰਨਿਆ ਸੀ ਕਿ ਉਨ੍ਹਾਂ ਦਾ ਮੁਲਕ ਅੱਤਵਾਦੀ ਸਮੂਹਾਂ ਨੂੰ ਫੰਡਿੰਗ ਅਤੇ ਸਮਰਥਨ ਦੇ ਰਿਹਾ ਹੈ। ਵਾਇਰਲ ਹੋਈ ਇੱਕ ਵੀਡੀਓ ਕਲਿੱਪ ਵਿਚ, ਪਾਕਿਸਤਾਨ ਦੇ ਰੱਖਿਆ ਮੰਤਰੀ ਸਕਾਈ ਨਿਊਜ਼ ਦੀ ਪੇਸ਼ਕਾਰ ਯਲਦਾ ਹਕੀਮ ਨਾਲ ਗੱਲਬਾਤ ਕਰ ਰਹੇ ਸਨ।
ਜਦੋਂ ਉਸਨੇ ਉਨ੍ਹਾਂ ਨੂੰ ਪੁੱਛਿਆ, ”ਤੁਸੀਂ ਮੰਨਦੇ ਹੋ, ਸਰ, ਕਿ ਪਾਕਿਸਤਾਨ ਦਾ ਇਨ੍ਹਾਂ ਅੱਤਵਾਦੀ ਸੰਗਠਨਾਂ ਦਾ ਸਮਰਥਨ ਅਤੇ ਸਿਖਲਾਈ ਅਤੇ ਫੰਡਿੰਗ ਦਾ ਇੱਕ ਲੰਮਾ ਇਤਿਹਾਸ ਰਿਹਾ ਹੈ?” ਤਾਂ ਖਵਾਜਾ ਆਸਿਫ਼ ਨੇ ਆਪਣੇ ਜਵਾਬ ਵਿਚ ਕਿਹਾ, ”ਅਸੀਂ ਲਗਭਗ ਤਿੰਨ ਦਹਾਕਿਆਂ ਤੋਂ ਅਮਰੀਕਾ ਲਈ ਇਹ ਗੰਦਾ ਕੰਮ ਕਰ ਰਹੇ ਹਾਂ… ਅਤੇ ਨਾਲ ਹੀ ਪੱਛਮ, ਜਿਸ ਵਿਚ ਬ੍ਰਿਟੇਨ ਵੀ ਸ਼ਾਮਲ ਹੈ… ਇਹ ਇੱਕ ਗਲਤੀ ਸੀ, ਅਤੇ ਅਸੀਂ ਇਸਦਾ ਦੁੱਖ ਝੱਲਿਆ, ਅਤੇ ਇਸੇ ਲਈ ਤੁਸੀਂ ਮੈਨੂੰ ਇਹ ਕਹਿ ਰਹੇ ਹੋ। ਜੇ ਅਸੀਂ ਸੋਵੀਅਤ ਯੂਨੀਅਨ ਵਿਰੁੱਧ ਜੰਗ ਅਤੇ ਬਾਅਦ ਵਿਚ 9/11 ਤੋਂ ਬਾਅਦ ਜੰਗ ਵਿਚ ਸ਼ਾਮਲ ਨਾ ਹੁੰਦੇ, ਤਾਂ ਪਾਕਿਸਤਾਨ ਦਾ ਟਰੈਕ ਰਿਕਾਰਡ ਨਿਰਦੋਸ਼ ਹੁੰਦਾ।” ਪਾਕਿਸਤਾਨੀ ਰੱਖਿਆ ਮੰਤਰੀ ਨੇ ਯਲਦਾ ਹਕੀਮ ਨਾਲ ਇੰਟਰਵਿਊ ਵਿਚ ਭਾਰਤ ਨਾਲ ”ਪੂਰੀ ਜੰਗ” ਦੀ ਚੇਤਾਵਨੀ ਵੀ ਦਿੱਤੀ।
ਦਬਾਅ ‘ਚ ਆਏ ਸ਼ਾਹਬਾਜ਼ ਸ਼ਰੀਫ; ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਵਿਚ ਹਿੱਸਾ ਲੈਣ ਲਈ ਦੀ ਇੱਛਾ ਕੀਤੀ ਜ਼ਾਹਰ
