ਕੋਲਕਾਤਾ, 16 ਸਤੰਬਰ (ਪੰਜਾਬ ਮੇਲ)- ਤ੍ਰਿਣਮੂਲ ਕਾਂਗਰਸ ਦੇ ਬਾਗੀ ਨੇਤਾ ਅਤੇ ਕੂਚਬਿਹਾਰ ਤੋਂ ਸੰਸਦ ਮੈਂਬਰ ਜਗਦੀਸ਼ ਚੰਦਰ ਵਰਮਾ ਬਸੂਨੀਆ ਨੇ ਦਾਅਵਾ ਕੀਤਾ ਕਿ 20 ‘ਚੋਂ 17 ਬਾਗੀ ਸੰਸਦ ਮੈਂਬਰ ਅਕਤੂਬਰ ‘ਚ ਦੁਰਗਾ ਪੂਜਾ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਭਾਜਪਾ ‘ਚ ਸ਼ਾਮਲ ਹੋਣ ਵਾਲੇ ਹਨ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ 17 ਸੰਸਦ ਮੈਂਬਰਾਂ ਨੇ ਇਕੱਠੇ ਭਾਜਪਾ ‘ਚ ਸ਼ਾਮਲ ਹੋਣ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ।
ਉਨ੍ਹਾਂ ਕਿਹਾ, ”ਅਸੀਂ 17 ਸੰਸਦ ਮੈਂਬਰ ਇਕੱਠੇ ਭਾਜਪਾ ‘ਚ ਜਾ ਰਹੇ ਹਾਂ। ਜਦਕਿ 20 ਮੈਂਬਰਾਂ ‘ਚੋਂ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰ ਪਾਰਟੀ ਬਦਲ ਰਹੇ ਹਨ, ਇਸ ਲਈ ਦਲ-ਬਦਲ ਵਿਰੋਧੀ ਕਾਨੂੰਨ ਸਾਡੇ ‘ਤੇ ਲਾਗੂ ਨਹੀਂ ਹੋਵੇਗਾ।” 14 ਜੂਨ ਨੂੰ ਤ੍ਰਿਣਮੂਲ ਦੇ 20 ਅਸੰਤੁਸ਼ਟ ਸੰਸਦ ਮੈਂਬਰਾਂ ਨੇ ਨੈਸ਼ਨਲਿਸਟ ਸਿਟੀਜ਼ਨਜ਼ ਪਾਰਟੀ ਆਫ ਇੰਡੀਆ (ਐੱਨ.ਸੀ.ਪੀ.ਆਈ.) ‘ਚ ਰਲੇਵੇਂ ਦਾ ਐਲਾਨ ਕੀਤਾ ਸੀ ਅਤੇ ਸੱਤਾਧਾਰੀ ਰਾਸ਼ਟਰੀ ਜਨਤੰਤਰਿਕ ਗੱਠਜੋੜ (ਐੱਨ.ਡੀ.ਏ.) ਨੂੰ ਸਮਰਥਨ ਦਿੱਤਾ ਸੀ। ਇਨ੍ਹਾਂ 20 ਬਾਗੀ ਸੰਸਦ ਮੈਂਬਰਾਂ ‘ਚੋਂ ਘੱਟੋ-ਘੱਟ 14 ਸੰਸਦ ਮੈਂਬਰਾਂ ਦਾ ਦੋ-ਤਿਹਾਈ ਦਾ ਅੰਕੜਾ ਪੂਰਾ ਕਰਨ ਲਈ ਇਕੱਠੇ ਜਾਣਾ ਜ਼ਰੂਰੀ ਹੈ, ਤਾਂ ਜੋ ਉਨ੍ਹਾਂ ਨੂੰ ਅਯੋਗਤਾ ਦਾ ਸਾਹਮਣਾ ਨਾ ਕਰਨਾ ਪਵੇ।
ਜਗਦੀਸ਼ ਚੰਦਰ ਨੇ ਕਿਹਾ ਕਿ ਹਾਲਾਂਕਿ, ਇਨ੍ਹਾਂ 20 ਸੰਸਦ ਮੈਂਬਰਾਂ ‘ਚੋਂ ਘੱਟਗਿਣਤੀ ਭਾਈਚਾਰੇ ਤੋਂ ਆਉਣ ਵਾਲੇ 3 ਸੰਸਦ ਮੈਂਬਰ ਰਸਮੀ ਤੌਰ ‘ਤੇ ਭਾਜਪਾ ‘ਚ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਨ੍ਹਾਂ ਦੇ ਚੋਣ ਹਲਕਿਆਂ ‘ਚ ਸਿਆਸੀ ਅਤੇ ਪ੍ਰਸ਼ਾਸਨਿਕ ਹਾਲਾਤ ਇਸ ਦੇ ਅਨੁਕੂਲ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਸਦ ਮੈਂਬਰ ਅਬੂ ਤਾਹਿਰ ਖਾਨ, ਖਲੀਲੁਰ ਰਹਿਮਾਨ ਅਤੇ ਯੂਸੁਫ ਪਠਾਨ ਬਾਹਰੋਂ ਐੱਨ.ਡੀ.ਏ. ਨੂੰ ਸਮਰਥਨ ਦੇਣਗੇ। ਬਸੂਨੀਆ ਨੇ ਕਿਹਾ, ”ਉਹ ਐੱਨ.ਡੀ.ਏ. ਦਾ ਸਮਰਥਨ ਕਰਨਗੇ ਅਤੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਜਾਂ ਵਿਭਾਗ ਦਿੱਤੇ ਜਾ ਸਕਦੇ ਹਨ।”
ਤ੍ਰਿਣਮੂਲ ਦੇ 20 ਬਾਗੀ ਸੰਸਦ ਮੈਂਬਰਾਂ ‘ਚੋਂ 17 ਭਾਜਪਾ ‘ਚ ਹੋਣਗੇ ਸ਼ਾਮਲ!

