ਤਰਨ ਤਾਰਨ, 20 ਜਨਵਰੀ (ਪੰਜਾਬ ਮੇਲ)- ਪਿੰਡ ਗੁਲਾਲੀਪੁਰ ਵਿੱਚ ਕਾਰ ਸਵਾਰ ਤਿੰਨ ਅਣਪਛਾਤੇ ਹਥਿਆਰਬੰਦਾਂ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ| ਮ੍ਰਿਤਕ ਦੀ ਪਛਾਣ ਸੁਖਪ੍ਰੀਤ ਸਿੰਘ ਸੁੱਖ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਵਜੋਂ ਹੋਈ। ਇਸ ਘਟਨਾ ਨੂੰ ਗੈਂਗਸਟਰਾਂ ਦੀ ਆਪਸੀ ਖਹਿਬਾਜ਼ੀ ਵਜੋਂ ਵੀ ਦੇਖਿਆ ਜਾ ਰਿਹਾ ਹੈ|
ਥਾਣਾ ਸਦਰ ਦੇ ਸਬ ਇੰਸਪੈਕਟਰ ਨਰੇਸ਼ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਕੈਨੇਡਾ ਤੋਂ ਆਪਣਾ ਗੈਂਗ ਚਲਾ ਰਹੇ ਲਖਬੀਰ ਸਿੰਘ ਲੰਡਾ (ਵਾਸੀ ਹਰੀਕੇ) ਨਾਲ ਉਸ ਦਾ ਸੰਪਰਕ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਨੂੰ ਹਰੀਕੇ ਵਿੱਚ ਕੁਝ ਸਾਲ ਪਹਿਲਾਂ ਹੋਏ ਇੱਕ ਠੇਕੇਦਾਰ ਮੁਖਤਿਆਰ ਸਿੰਘ ਦੇ ਕਤਲ ਵਿੱਚ ਭਗੌੜਾ (ਪੀਓ) ਐਲਾਨਿਆ ਹੋਇਆ ਹੈ| ਉਹ ਗੁਲਾਲੀਪੁਰ ਵਿੱਚ ਆਪਣੀ ਭੂਆ ਕੋਲ ਰਹਿ ਰਿਹਾ ਸੀ ਜਿਥੇ ਉਹ ਆਪਣੇ ਦੋਸਤ ਕਾਲੂ ਦੀ ਮੋਟਰ ’ਤੇ ਲੁਕ ਕੇ ਰਹਿੰਦਾ ਸੀ। ਅੱਜ ਦੁਪਹਿਰ ਵੇਲੇ ਕਾਰ ਵਿੱਚ ਆਏ ਤਿੰਨ ਹਥਿਆਰਬੰਦਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ| ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਤਰਨ ਤਾਰਨ ਦੇ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ। ਉਸ ਦਾ ਦੋਸਤ ਕਾਲੂ ਭੇਤਭਰੀ ਹਾਲਤ ਵਿੱਚ ਲਾਪਤਾ ਹੈ। ਪੁਲੀਸ ਨੇ ਉਸ ’ਤੇ ਸੁਖਪ੍ਰੀਤ ਸਿੰਘ ਦੀ ਹੱਤਿਆ ਕਰਵਾਉਣ ਦਾ ਸ਼ੱਕ ਪ੍ਰਗਟਾਇਆ ਹੈ|