ਵਾਸ਼ਿੰਗਟਨ ਡੀ.ਸੀ., 23 ਮਈ (ਪੰਜਾਬ ਮੇਲ)- ਡੋਨਾਲਡ ਟਰੰਪ ਜੂਨੀਅਰ ਨੇ ਆਪਣੀ ਮੰਗੇਤਰ ਬੈਟੀਨਾ ਐਂਡਰਸਨ ਨਾਲ ਅਧਿਕਾਰਿਕ ਤੌਰ ‘ਤੇ ਵਿਆਹ ਕਰਵਾ ਲਿਆ ਹੈ। ਰਿਪੋਰਟਾਂ ਮੁਤਾਬਕ ਦੋਵਾਂ ਨੇ ਫਲੋਰਿਡਾ ਦੇ ਪਾਮ ਬੀਚ ਵਿਚ ਕਾਨੂੰਨੀ ਕਾਰਵਾਈ ਪੂਰੀ ਕਰਦੇ ਹੋਏ ਵਿਆਹ ਰਜਿਸਟਰ ਕਰਵਾਇਆ, ਜਦਕਿ ਇਸ ਹਫ਼ਤੇ ਦੇ ਅਖੀਰ ਵਿਚ ਬਹਾਮਾਸ ਦੇ ਇੱਕ ਪ੍ਰਾਈਵੇਟ ਟਾਪੂ ‘ਤੇ ਵੱਡਾ ਵਿਆਹ ਸਮਾਗਮ ਹੋਣ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਆਹ ਸਮਾਗਮ ਮੈਮੋਰਿਅਲ ਡੇ ਵੀਕਐਂਡ ਦੌਰਾਨ ਇਕ ਨਿੱਜੀ ਸਮਾਰੋਹ ਰੂਪ ਵਿਚ ਹੋਵੇਗਾ, ਜਿਸ ਵਿਚ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀ ਕਾਨੂੰਨੀ ਰਸਮ ਟਰੰਪ ਪਰਿਵਾਰ ਦੇ ਲੰਬੇ ਸਮੇਂ ਤੋਂ ਜੁੜੇ ਰੀਅਲ ਐਸਟੇਟ ਵਕੀਲ ਬ੍ਰੈਡ ਮੈਕਫਰਸਨ ਨੇ ਕਰਵਾਈ।
ਬੇਟੀਨਾ ਐਂਡਰਸਨ ਇੱਕ ਮਾਡਲ, ਸੋਸ਼ਲਾਈਟ ਅਤੇ ਸਮਾਜਿਕ ਸੇਵਾਵਾਂ ਨਾਲ ਜੁੜੀ ਹੋਈ ਹਸਤੀ ਮੰਨੀ ਜਾਂਦੀ ਹੈ। ਉਹ ਕੋਲੰਬੀਆ ਯੂਨੀਵਰਸਿਟੀ ਤੋਂ ਆਰਟ ਹਿਸਟਰੀ ਵਿਚ ਪੜ੍ਹਾਈ ਕਰ ਚੁੱਕੀ ਹੈ ਅਤੇ ਫਲੋਰਿਡਾ ਦੇ ਪਾਮ ਬੀਚ ਇਲਾਕੇ ਵਿਚ ਕਾਫੀ ਮਸ਼ਹੂਰ ਹੈ। ਉਹ ਵਾਤਾਵਰਣ ਅਤੇ ਡਿਜਾਸਟਰ ਰਿਲੀਫ ਨਾਲ ਜੁੜੀ ਇੱਕ ਨਾਨ-ਪ੍ਰੋਫਿਟ ਸੰਸਥਾ ਨਾਲ ਵੀ ਕੰਮ ਕਰਦੀ ਰਹੀ ਹੈ।
ਡੋਨਾਲਡ ਟਰੰਪ ਜੂਨੀਅਰ ਅਤੇ ਬੇਟੀਨਾ ਐਂਡਰਸਨ ਦੀ ਨਜ਼ਦੀਕੀ 2024 ਦੌਰਾਨ ਚਰਚਾ ਵਿਚ ਆਈ ਸੀ। ਬਾਅਦ ਵਿਚ ਦੋਵਾਂ ਦੀ ਮੰਗਣੀ ਦਾ ਐਲਾਨ 2025 ਵਿਚ ਕੀਤਾ ਗਿਆ। ਇਸ ਤੋਂ ਪਹਿਲਾਂ ਟਰੰਪ ਜੂਨੀਅਰ ਦੀ ਮੰਗਣੀ ਕਿੰਬਰਲੀ ਗਿਲਫੋਇਲ ਨਾਲ ਹੋਈ ਸੀ, ਜੋ ਬਾਅਦ ਵਿਚ ਖਤਮ ਹੋ ਗਈ ਸੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਆਪਣੇ ਪੁੱਤਰ ਦੇ ਵਿਆਹ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਵਿਆਹ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ, ਪਰ ਮੌਜੂਦਾ ਅੰਤਰਰਾਸ਼ਟਰੀ ਸਥਿਤੀਆਂ ਅਤੇ ਸਰਕਾਰੀ ਜ਼ਿੰਮੇਵਾਰੀਆਂ ਕਾਰਨ ਇਹ ”ਠੀਕ ਸਮਾਂ ਨਹੀਂ” ਹੈ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਰਾਨ ਨਾਲ ਚੱਲ ਰਹੇ ਤਣਾਅ ਅਤੇ ਰਾਜਨੀਤਿਕ ਮਾਹੌਲ ਕਰਕੇ ਸਮਾਗਮ ਨੂੰ ਕਾਫੀ ਨਿੱਜੀ ਰੱਖਿਆ ਗਿਆ ਹੈ।
ਡੋਨਾਲਡ ਟਰੰਪ ਜੂਨੀਅਰ ਨੇ ਆਪਣੀ ਮੰਗੇਤਰ ਬੈਟੀਨਾ ਐਂਡਰਸਨ ਨਾਲ ਕਰਵਾਇਆ ਵਿਆਹ

