#PUNJAB

ਡਾ. ਐੱਸ.ਪੀ. ਸਿੰਘ ਓਬਰਾਏ ਦੇ ਜਨਮਦਿਨ ‘ਤੇ ਲੋੜਵੰਦ ਨੂੰ ਬਣਾ ਕੇ ਦਿੱਤਾ ਮਕਾਨ, ਲੋੜਵੰਦ ਮਰੀਜ਼ਾਂ ਨੂੰ ਵਿੱਤੀ ਸਹਾਇਤਾ

-16 ਅਪ੍ਰੈਲ ਨੂੰ ਮਲੋਟ ਵਿਖੇ ਲੱਗੇਗਾ ਅੱਖਾਂ ਦਾ ਮੁਫ਼ਤ ਕੈਂਪ
ਸ੍ਰੀ ਮੁਕਤਸਰ ਸਾਹਿਬ, 13 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ਵਿਚ ਪ੍ਰਸਿੱਧ ਸਮਾਜਸੇਵੀ, ਬਿਨਾਂ ਕਿਸੇ ਤੋਂ ਪੈਸੇ ਲਿਆਂ, ਆਪਣੀ ਕੁੱਲ ਕਮਾਈ ਦਾ 98% ਹਿੱਸਾ ਦੀਨ ਦੁਖੀਆਂ ‘ਤੇ ਲਗਾਉਣ ਵਾਲੇ, ਸਮੁੱਚੀ ਲੋਕਾਈ ਦੀ ਪੀੜਾਂ ਨੂੰ ਮਹਿਸੂਸ ਕਰਨ ਅਤੇ ਉਨ੍ਹਾਂ ਦੀ ਪੀੜਾਂ ਨੂੰ ਘਟਾਉਣ ਲਈ ਕੁੱਝ ਕਰ ਗੁਜ਼ਰਨ ਲਈ ਹਮੇਸ਼ਾ ਤੱਤਪਰ ਰਹਿਣ ਵਾਲੇ, ਡਾਕਟਰ ਐੱਸ.ਪੀ. ਸਿੰਘ ਓਬਰਾਏ ਦਾ 13 ਅਪ੍ਰੈਲ ਨੂੰ 70ਵਾਂ ਜਨਮਦਿਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੇਵਾ ਦੇ ਕਾਰਜਾਂ ਨੂੰ ਕਰਕੇ ਮਨਾਇਆ ਗਿਆ।
ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪਿਛਲੇ ਸਮੇਂ ਬਾਰਸ਼ ਨਾਲ਼ ਪਿੰਡ ਵੰਗਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਬਹੁਤ ਹੀ ਗਰੀਬ ਪਰਿਵਾਰ ਦਾ ਮਕਾਨ ਡਿੱਗ ਪਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਵਿਚ ਸੁੱਤੇ ਪਏ ਬੱਚੇ ਅਤੇ ਪਰਿਵਾਰਕ ਮੈਂਬਰ ਬੱਚ ਗਏ ਸਨ। ਪਰਿਵਾਰ ਵੱਲੋਂ ਟਰੱਸਟ ਦੇ ਰਾਹੀਂ ਡਾਕਟਰ ਓਬਰਾਏ ਨੂੰ ਮਦਦ ਦੀ ਅਪੀਲ ਕੀਤੀ ਗਈ ਸੀ। ਡਾ. ਓਬਰਾਏ ਦਾ ਜਨਮ ਦਿਨ ਮਨਾਉਂਦੇ ਹੋਏ ਪਰਿਵਾਰ ਨੂੰ ਰਹਿਣ ਲਈ ਮਕਾਨ ਸੌਂਪ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਓਬਰਾਏ ਦੇ ਜਨਮਦਿਨ ‘ਤੇ 20 ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਖਰੀਦਣ ਲਈ ਲੋੜੀਂਦੀ ਸਹਾਇਤਾ ਰਾਸ਼ੀ ਦਿੱਤੀ ਗਈ।
ਇਸ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਮਲੋਟ ਇਕਾਈ ਦੇ ਪ੍ਰਧਾਨ ਸ਼੍ਰੀ ਅਨਿਲ ਜੁਨੇਜਾ ਨੇ ਦੱਸਿਆ ਕਿ 16 ਅਪ੍ਰੈਲ ਨੂੰ ਡਾ. ਓਬਰਾਏ ਦੇ ਜਨਮਦਿਨ ਨੂੰ ਸਮਰਪਿਤ ਐਡਵਰਡਗੰਜ ਹਸਪਤਾਲ ਮਲੋਟ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ ਦਾ ਉਦਘਾਟਨ ਡਾਕਟਰ ਬਲਜੀਤ ਕੌਰ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਡਾਕਟਰ ਬਲਜੀਤ ਕੌਰ ਦੂਸਰੇ ਡਾਕਟਰਾਂ ਦੇ ਨਾਲ ਅੱਖਾਂ ਦਾ ਚੈੱਕਅੱਪ ਵੀ ਆਪ ਕਰਨਗੇ। ਦਵਾਈਆਂ ਅਤੇ ਨੇੜੇ ਦੀ ਨਿਗਾਹ ਦੀਆਂ ਐਨਕਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਓਬਰਾਏ ਦੇ 70ਵੇਂ ਜਨਮਦਿਨ ਨੂੰ ਸਮਰਪਿਤ ਮੁਫ਼ਤ ਦਿੱਤੀਆਂ ਜਾਣਗੀਆਂ।
ਇਸ ਮੌਕੇ ਬਲਵਿੰਦਰ ਸਿੰਘ ਬਰਾੜ ਰਿਟਾ. ਪ੍ਰਿੰਸੀਪਲ, ਬਰਨੇਕ ਸਿੰਘ ਰਿਟਾ. ਲੈਕਚਰਾਰ, ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ, ਸੁਖਬੀਰ ਸਿੰਘ ਜੈਲਦਾਰ, ਸੋਮ ਨਾਥ, ਜਸਬੀਰ ਸਿੰਘ ਰਿਟਾ. ਏ.ਐੱਸ.ਆਈ. ਆਦਿ ਹਾਜ਼ਰ ਸਨ।