#INDIA

ਟ੍ਰੈਫਿਕ ਜਾਮ ਦੀਆਂ ਖ਼ਬਰਾਂ ਕਾਰਨ Himachal ‘ਚ ਆਉਣ ਤੋਂ ਕਤਰਾਉਣ ਲੱਗੇ ਸੈਲਾਨੀ

-ਹੋਟਲ ਸਨਅਤ ‘ਤੇ ਮਾੜਾ ਅਸਰ
ਸ਼ਿਮਲਾ, 30 ਦਸੰਬਰ (ਪੰਜਾਬ ਮੇਲ)- ਟ੍ਰੈਫਿਕ ਵਿਚ ਵਿਘਨ ਪੈਣ ਦੀਆਂ ਖ਼ਬਰਾਂ ਅਤੇ ਟ੍ਰੈਫਿਕ ਵਿਚ ਫਸੇ ਵਾਹਨਾਂ ਦੀਆਂ ਵੀਡੀਓ ਵਾਇਰਲ ਹੋਣ ਕਾਰਨ ਸ਼ਿਮਲਾ ਅਤੇ ਮਨਾਲੀ ਵਿਚ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਬੀਤੇ ਦਿਨ ਤੱਕ ਸ਼ਿਮਲਾ ‘ਚ ਹੋਟਲ ਬੁਕਿੰਗ 40 ਫੀਸਦੀ ਅਤੇ ਮਨਾਲੀ ‘ਚ 70 ਫੀਸਦੀ ਰਹੀ। ਫੈਡਰੇਸ਼ਨ ਆਫ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟਸ ਐਸੋਸੀਏਸ਼ਨ (ਫੋਹਰਾ) ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਕਿਹਾ, ‘ਮਨਾਲੀ ਵਿਚ ਵੱਡੇ ਹੋਟਲ 90 ਪ੍ਰਤੀਸ਼ਤ ਤੋਂ ਵੱਧ ਬੁੱਕ ਹੋਏ ਹਨ ਅਤੇ ਛੋਟੇ ਅਤੇ ਦਰਮਿਆਨੇ ਹੋਟਲ 70 ਪ੍ਰਤੀਸ਼ਤ ਤੋਂ ਵੱਧ ਬੁੱਕ ਹੋਏ ਹਨ।’ ਉਨ੍ਹਾਂ ਕਿਹਾ ਕਿ ਮਨਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿਚ ਹੋਟਲ, ਹੋਮਸਟੇਅ ਅਤੇ ਹੋਰ ਸੈਲਾਨੀ ਰਿਹਾਇਸ਼ਾਂ ਸਮੇਤ 1,800 ਸੈਰ-ਸਪਾਟਾ ਯੂਨਿਟ ਹਨ। ਅਟਲ ਸੁਰੰਗ ਨੂੰ ਦੇਖਣ ਲਈ ਰੋਹਤਾਂਗ ‘ਚ ਸੈਲਾਨੀਆਂ ਦੀ ਭਾਰੀ ਭੀੜ ਹੈ ਪਰ ਸੁਰੰਗ ਨੇੜੇ ਵੱਡੀ ਗਿਣਤੀ ‘ਚ ਵਾਹਨਾਂ ਦੇ ਫਸੇ ਹੋਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਇਸ ਕਾਰਨ ਵੱਡੀ ਗਿਣਤੀ ‘ਚ ਸੈਲਾਨੀਆਂ ਨੇ ਇੱਥੇ ਆਉਣ ਦੀ ਯੋਜਨਾ ਨੂੰ ਟਾਲ ਦਿੱਤਾ ਹੈ।