#CANADA

ਟੋਰਾਂਟੋ ਹਵਾਈ ਅੱਡੇ ‘ਤੇ ਪੁਲਿਸ ਗੋਲੀਬਾਰੀ ‘ਚ ਵਿਅਕਤੀ ਦੀ ਮੌਤ

– ਪੁਲਿਸ ਨੇ ਇਹਤਿਆਤ ਵਜੋਂ ਹਵਾਈ ਅੱਡੇ ਦਾ ਰਵਾਨਗੀ ਰਾਹ ਬੰਦ ਕੀਤਾ
ਵੈਨਕੂਵਰ, 25 ਅਪ੍ਰੈਲ (ਪੰਜਾਬ ਮੇਲ)- ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਪੁਲਿਸ ਵਲੋਂ ਚਲਾਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਅਜੇ ਮਰਨ ਵਾਲੇ ਦੀ ਪਛਾਣ ਨਹੀਂ ਦੱਸੀ ਤੇ ਨਾ ਹੀ ਗੋਲੀ ਚਲਾਉਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਉਂਝ ਇਹਤਿਆਤ ਵਜੋਂ ਹਵਾਈ ਅੱਡੇ ਦੇ ਟਰਮੀਨਲ ਇੱਕ ਦਾ ਰਵਾਨਗੀ ਰਸਤਾ ਪੀਲੀ ਟੇਪ ਨਾਲ ਬੰਦ ਹੈ। ਅੱਖੀ ਵੇਖਣ ਵਾਲਿਆਂ ਅਨੁਸਾਰ ਰਵਾਨਗੀ ਰਸਤੇ ‘ਤੇ ਦਰਜਨਾਂ ਪੁਲਿਸ ਗੱਡੀਆਂ ਖੜ੍ਹੀਆਂ ਹਨ ਤੇ ਇੱਕ ਜੀਪ ਕੋਲ ਪਏ ਅਟੈਚੀ ਨੇੜੇ ਵਿਅਕਤੀ ਦੀ ਲਾਸ਼ ਪਈ ਵੇਖੀ ਗਈ, ਜਿਸ ਦੇ ਹੱਥ ਤੇ ਪੈਰ ਦਿਸਦੇ ਸਨ।
ਪੁਲਿਸ ਵਲੋਂ ਐਕਸ ‘ਤੇ ਪਾਈ ਪੋਸਟ ਵਿਚ ਸਿਰਫ ਏਨਾ ਹੀ ਦੱਸਿਆ ਗਿਆ ਹੈ ਕਿ ਮੌਤ ਪੁਲਿਸ ਗੋਲੀ ਨਾਲ ਹੋਣ ਕਰਕੇ ਉਸ ਦੀ ਜਾਂਚ ਨਿਰਪੱਖ ਤਫ਼ਤੀਸ਼ੀ ਟੀਮ ਹਵਾਲੇ ਕਰ ਦਿੱਤੀ ਗਈ ਹੈ। ਕੁਝ ਯਾਤਰੀਆਂ ਅਨੁਸਾਰ ਗੋਲੀਬਾਰੀ ਕਾਰਨ ਹਵਾਈ ਅੱਡੇ ਦੇ ਟਰਮੀਨਲ ਇੱਕ ਦਾ ਰਵਾਨਗੀ (ਡਿਪਾਰਚਰ) ਰਸਤਾ ਬੰਦ ਕਰਕੇ ਯਾਤਰੀਆਂ ਨੂੰ ਆਗਮਨ ਰਸਤੇ ਅੰਦਰ ਭੇਜਿਆ ਜਾ ਰਿਹਾ ਹੈ। ਹਵਾਈ ਅੱਡੇ ਦੇ ਬੁਲਾਰੇ ਨੇ ਉਡਾਣਾਂ ਵਿਚ ਕਿਸੇ ਵਿਘਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਹਵਾਈ ਅੱਡੇ ਦੇ ਅੰਦਰ ਕਿਸੇ ਤਰ੍ਹਾਂ ਦਾ ਡਰ ਨਹੀਂ ਹੈ ਤੇ ਸਾਰਾ ਕੁਝ ਆਮ ਵਾਂਗ ਚੱਲ ਰਿਹਾ ਹੈ। ਘਟਨਾ ਤੋਂ ਦੋ ਘੰਟੇ ਬਾਅਦ ਤੱਕ ਵੀ ਮੌਕੇ ‘ਤੇ ਪੁਲਿਸ ਗੱਡੀਆਂ ਤਾਇਨਾਤ ਸਨ। ਪੁਲਿਸ ਵੱਲੋਂ ਮੀਡੀਆ ਨੂੰ ਵੀ ਕੋਈ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਪੁਲਿਸ ਦੇ ਹੰਗਾਮੀ ਦਸਤੇ ਅਨੁਸਾਰ ਉਨ੍ਹਾਂ ਨੂੰ ਸਵੇਰੇ 7 ਵਜੇ ਕਿਸੇ ਗੜਬੜੀ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ।