ਟੋਰਾਂਟੋ, 7 ਅਕਤੂਬਰ (ਪੰਜਾਬ ਮੇਲ)- ਟੋਰਾਂਟੋ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 22 ਮਿਲੀਅਨ ਡਾਲਰ (ਲਗਭਗ 185 ਕਰੋੜ ਰੁਪਏ) ਮੁੱਲ ਦੇ ਸੋਨੇ ਅਤੇ ਵਿਦੇਸ਼ੀ ਕਰੰਸੀ ਦੀ ਇਤਿਹਾਸਕ ਚੋਰੀ ਦੇ ਮਾਮਲੇ ਵਿਚ ਪੰਜਾਬੀ ਮੂਲ ਦੇ ਮੁਲਜ਼ਮ ਪਰਮਪਾਲ ਸਿੱਧੂ ਖ਼ਿਲਾਫ਼ ਅਦਾਲਤੀ ਸੁਣਵਾਈ ਸ਼ੁਰੂ ਹੋ ਗਈ ਹੈ। ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਪਰਮਪਾਲ ਨੇ ਏਅਰ ਕੈਨੇਡਾ ਦਾ ਮੁਲਾਜ਼ਮ ਹੁੰਦਿਆਂ ਆਪਣੀ ਪਹੁੰਚ ਦਾ ਫਾਇਦਾ ਚੁੱਕ ਕੇ ਇਸ ਵੱਡੀ ਚੋਰੀ ਨੂੰ ਅੰਜਾਮ ਦਿਵਾਉਣ ਵਿਚ ‘ਅੰਦਰੂਨੀ ਭੇਤੀ’ ਭੂਮਿਕਾ ਨਿਭਾਈ।
ਅਦਾਲਤ ਵਿਚ ਪੇਸ਼ੀ ਦੌਰਾਨ ਪਰਮਪਾਲ ਸਿੱਧੂ ਨੇ ਆਪਣੇ ‘ਤੇ ਲੱਗੇ ਚੋਰੀ ਅਤੇ ਸਾਜ਼ਿਸ਼ ਘੜਨ ਦੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਦਾਅਵਾ ਕੀਤਾ ਹੈ। ਸਰਕਾਰੀ ਵਕੀਲ ਜੇਲੇਨਾ ਵਲਾਸਿਕ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ 2023 ਵਿਚ ਹੋਈ ਇਸ ਚੋਰੀ ਲਈ ਵਰਤੀ ਗਈ ਨਕਲੀ ‘ਏਅਰ ਵੇਅਬਿਲ’ ਘਟਨਾ ਤੋਂ ਇੱਕ ਦਿਨ ਪਹਿਲਾਂ ਪਰਮਪਾਲ ਸਿੱਧੂ ਦੀ ਪ੍ਰੋਫਾਈਲ ਤੋਂ ਹੀ ਪ੍ਰਿੰਟ ਕੀਤੀ ਗਈ ਸੀ। ਬਾਅਦ ਵਿਚ ਪੂਰਾ ਮਾਲ ਟਰੱਕ ‘ਚ ਲੋਡ ਕਰਵਾ ਕੇ ਗਾਇਬ ਕਰ ਦਿੱਤਾ ਗਿਆ।
ਜਾਂਚ ਅਨੁਸਾਰ ਇਹ ਖੇਪ ਚੋਰੀ ਕਰਨ ਆਇਆ ਟਰੱਕ ਡਰਾਈਵਰ ਡੁਰਾਂਟੇ ਕਿੰਗ-ਮੈਕਲੀਨ ਸੀ, ਜੋ ਬਾਅਦ ਵਿਚ ਅਮਰੀਕਾ ਭੱਜ ਗਿਆ ਸੀ ਅਤੇ ਸਤੰਬਰ 2023 ਵਿਚ ਪੈਨਸਿਲਵੇਨੀਆ ਤੋਂ ਫੜਿਆ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਸਾਹਮਣੇ ਆਇਆ ਹੈ ਕਿ ਚਿਹਰਾ ਢੱਕ ਕੇ ਆਏ ਡਰਾਈਵਰ ਨੇ ਜਾਅਲੀ ਕਾਗਜ਼ਾਤ ਦਿਖਾਏ ਅਤੇ ਮਹਿਜ਼ ਇੱਕ ਘੰਟੇ ਦੇ ਅੰਦਰ ਹੀ 400 ਕਿੱਲੋ ਤੋਂ ਵੱਧ ਵਜ਼ਨ ਦੀਆਂ 6,600 ਸੋਨੇ ਦੀਆਂ ਇੱਟਾਂ (ਜੋ ਸਵਿੱਟਜ਼ਰਲੈਂਡ ਦੇ ਜ਼ਿਊਰਿਖ ਤੋਂ ਆਈਆਂ ਸਨ) ਲੈ ਕੇ ਫ਼ਰਾਰ ਹੋ ਗਿਆ।
ਦੂਜੇ ਪਾਸੇ, ਬਚਾਅ ਪੱਖ ਦੇ ਵਕੀਲਾਂ ਨੇ ਸਵਾਲ ਚੁੱਕਿਆ ਕਿ ਕੀ ਪਰਮਪਾਲ ਦੇ ਕੰਪਿਊਟਰ ਤੱਕ ਕਿਸੇ ਹੋਰ ਦੀ ਪਹੁੰਚ ਸੀ ਅਤੇ ਕੀ ਉਸ ਦਸਤਾਵੇਜ਼ ‘ਤੇ ਉਸ ਦੀ ਲਿਖਤ ਦੀ ਕੋਈ ਫੋਰੈਂਸਿਕ ਜਾਂਚ ਹੋਈ ਹੈ? ਜਾਂਚ ਅਧਿਕਾਰੀਆਂ ਨੇ ਮੰਨਿਆ ਕਿ ਲਿਖਤ ਘੱਟ ਹੋਣ ਕਾਰਨ ਜਾਂਚ ਨਹੀਂ ਕੀਤੀ ਜਾ ਸਕੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰੋਸੀਕਿਊਸ਼ਨ ਨੇ ਦੋ ਹੋਰ ਦੋਸ਼ੀਆਂ ਅਲੀ ਰਜ਼ਾ ਅਤੇ ਅਮਿਤ ਜਲੋਟਾ ਖ਼ਿਲਾਫ਼ ਕੇਸ ਵਾਪਸ ਲੈ ਲਿਆ ਸੀ, ਜਦਕਿ ਅਰਸਲਾਨ ਚੌਧਰੀ ਨੂੰ 4 ਸਾਲ ਦੀ ਕੈਦ ਅਤੇ 22 ਮਿਲੀਅਨ ਡਾਲਰ ਮੁਆਵਜ਼ਾ ਭਰਨ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਮਾਮਲੇ ‘ਚ ਸ਼ਾਮਲ ਇੱਕ ਹੋਰ ਮੁਲਜ਼ਮ ਅਰਚਿਤ ਗਰੋਵਰ ‘ਤੇ ਸੁਣਵਾਈ ਇਸੇ ਸਾਲ ਦੇ ਅੰਤ ‘ਚ ਹੋਣੀ ਹੈ।
ਟੋਰਾਂਟੋ ‘ਚ 22 ਮਿਲੀਅਨ ਡਾਲਰ ਮੁੱਲ ਦੇ ਸੋਨੇ ਦੀ ਚੋਰੀ ਦਾ ਮਾਮਲਾ: ਪੰਜਾਬੀ ਵਿਅਕਤੀ ਖ਼ਿਲਾਫ਼ ਅਦਾਲਤੀ ਸੁਣਵਾਈ ਸ਼ੁਰੂ

