#AMERICA

ਟੈਕਸਾਸ ‘ਚ ਟਾਇਲਟ ਸੀਟ ‘ਚ ਵਿਅਕਤੀ ਨੇ ਫਿੱਟ ਕੀਤਾ ਮਿੰਨੀ ਬੰਬ; ਬੈਠਦਿਆਂ ਹੀ ਹੋਇਆ ਧਮਾਕਾ

-3 ਲੋਕ ਹੋਏ ਜ਼ਖਮੀ
ਨਿਊਯਾਰਕ, 13 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਟੈਕਸਾਸ ‘ਚ ਇੱਕ ਸਿਰਫਿਰੇ ਨਿਰਾਸ਼ ਵਿਅਕਤੀ ਨੇ ਇੱਕ ਜਨਤਕ ਰੈਸਟਰੂਮ ਦੀ  ਟਾਇਲਟ ਸੀਟ ਦੇ ਹੇਠਾਂ ਮਲਟੀਪਲ ਐਕਸਪੋਜ਼ਰ ਮਿੰਨੀ ਬੰਬ ਲਗਾਏ। ਜਿਸ ਦੇ ਨਤੀਜੇ ਵਜੋਂ ਹੋਏ ਧਮਾਕੇ ‘ਚ ਇਕ ਨੌਜਵਾਨ ਸਮੇਤ 3 ਲੋਕ ਜ਼ਖਮੀ ਹੋ ਗਏ। ਜਿਸ ਵਿਚੋਂ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਸੈਨ ਐਂਟੋਨੀਓ (ਟੈਕਸਾਸ) ਪੁਲਿਸ ਨੇ 46 ਸਾਲਾ ਪਾਲ ਮੋਸੇਸ ਐਲਡੇਨ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਪਰ ਉਸ ਨੂੰ ਤੁਰੰਤ 50 ਹਜ਼ਾਰ ਡਾਲਰ ਦੇ ਬਾਂਡ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਪਾਲ ਦੀ ਇਸ ਘਟੀਆ ਹਰਕਤ ਕਾਰਨ ਨੌਜਵਾਨ ਔਰਤਾਂ ਸਮੇਤ ਕਈ ਲੋਕ ਜ਼ਖਮੀ ਹੋਏ ਹਨ।
ਟਾਇਲਟ ਸੀਟ ‘ਤੇ ਮਿੰਨੀ ਬੰਬ ਰੱਖਣ ਦਾ ਪਹਿਲਾ ਮਾਮਲਾ 20 ਜੁਲਾਈ ਨੂੰ ਸਾਹਮਣੇ ਆਇਆ ਸੀ। ਇਸ ਵਿਅਕਤੀ ਨੇ ਹੈਲੋਟਸ, ਟੈਕਸਾਸ ਵਿਚ ਦਿ ਵਾਸ਼ ਟੱਬ ਦੇ ਪਬਲਿਕ ਟਾਇਲਟ ਵਿਚ ਟਾਇਲਟ ਸੀਟ ਦੇ ਹੇਠਾਂ ਇੱਕ ਮਿੰਨੀ ਬੰਬ ਲਗਾਇਆ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ ‘ਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਜਿਸ ‘ਚ ਸ਼ੱਕੀ ਕਾਰ ਵਾਸ਼ ਦੇ ਟਾਇਲਟ ‘ਚ ਗਿਆ ਤਾਂ ਦੇਖਿਆ ਕਿ ਉਸ ਦੇ ਹੱਥ ‘ਚ ਪਿਆ ਬੈਗ ਵੀ ਖਾਲੀ ਸੀ। ਹੁਣ ਇਸ ਵਿਅਕਤੀ ਦੇ ਟਾਇਲਟ ਜਾਣ ਤੋਂ ਬਾਅਦ ਵਾਸ਼ ਟੱਬ ਦਾ ਇੱਕ ਕਰਮਚਾਰੀ ਟਾਇਲਟ ਦੀ ਵਰਤੋਂ ਕਰਨ ਚਲਾ ਗਿਆ। ਜਿਵੇਂ ਹੀ ਉਹ ਟਾਇਲਟ ਸੀਟ ‘ਤੇ ਬੈਠਿਆ ਤਾਂ ਇਹ ਧਮਾਕਾ ਹੋ ਗਿਆ। ਅਜਿਹਾ ਇੱਕ ਤੋਂ ਵੱਧ ਵਾਰ ਹੋ ਚੁੱਕਾ ਹੈ।
ਹੁਣ ਪਹਿਲੀ ਘਟਨਾ ਦੇ 6 ਦਿਨ ਬਾਅਦ ਫਿਰ ਅਜਿਹਾ ਹੋਇਆ ਹੈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਟਾਇਲਟ ਦੀ ਜਾਂਚ ਕੀਤੀ, ਤਾਂ ਵਾਸ਼ਰੂਮ ਅਤੇ ਟਾਇਲਟ ਸੀਟ ਦੇ ਕੋਲ ਪਟਾਕੇ ਪਾਏ ਗਏ। ਇਸ ਨਾਲ ਵੱਡਾ ਧਮਾਕਾ ਨਹੀਂ, ਸਗੋਂ ਛੋਟੇ ਧਮਾਕੇ ਹੋ ਸਕਦੇ ਹਨ। ਪੁਲਿਸ ਨੇ ਬਾਅਦ ਵਿਚ ਸਟਾਫ਼ ਨਾਲ ਸੀ.ਸੀ.ਟੀ.ਵੀ. ਵਿਚ ਦੇਖੇ ਗਏ ਇੱਕ ਸ਼ੱਕੀ ਦੀ ਜਾਂਚ ਕਰਨ ਬਾਰੇ ਗੱਲ ਕੀਤੀ। ਸੀ.ਸੀ.ਟੀ.ਵੀ. ਫੁਟੇਜ ਦੇ ਕੁਝ ਹੋਰ ਐਂਗਲਾਂ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਇਸ ਵਿਅਕਤੀ ਨੇ ਇੱਕ ਮਿੰਨੀ ਬੰਬ ਲਾਇਆ ਸੀ ਅਤੇ ਟਾਇਲਟ ਸੀਟ ਦੇ ਬਾਹਰ ਖੜ੍ਹਾ ਸੀ। ਉਹ ਉਦੋਂ ਤੱਕ ਇੱਕ ਥਾਂ ‘ਤੇ ਲੁਕਿਆ ਰਿਹਾ, ਜਦੋਂ ਤੱਕ ਉਸ ਨੇ ਅੰਦਰੋਂ ਧਮਾਕੇ ਦੀ ਆਵਾਜ਼ ਨਹੀਂ ਸੁਣੀ। ਹੁਣ ਤੱਕ, ਵਿਅਕਤੀ ਹਰ ਧਮਾਕੇ ਵਾਲੀ ਥਾਂ ਦੇ ਆਲੇ-ਦੁਆਲੇ ਘੁੰਮਦਾ ਰਿਹਾ ਹੈ ਅਤੇ ਜ਼ਿਆਦਾਤਰ ਸੀ.ਸੀ.ਟੀ.ਵੀ. ਫੁਟੇਜਾਂ ਵਿਚ ਉਹ ਟਾਇਲਟ ਦੇ ਦਰਵਾਜ਼ੇ ਵੱਲ ਦਿਖਾਈ ਦਿੰਦਾ ਹੈ। ਜਦੋਂ ਪੁਲਿਸ ਨੇ ਵਿਅਕਤੀ ਬਾਰੇ ਕਾਰ ਵਾਸ਼ ਸ਼ਾਪ ਦੇ ਸਟਾਫ਼ ਤੋਂ ਪੁੱਛਗਿਛ ਕੀਤੀ, ਤਾਂ ਉਨ੍ਹਾਂ ਦੱਸਿਆ ਕਿ ਇਹ ਪਾਲ ਨਾਂ ਦਾ ਵਿਅਕਤੀ ਕਾਰ ਵਾਸ਼ ਦਾ ਮੈਂਬਰ ਸੀ ਅਤੇ ਉਸ ਕੋਲ ਮੈਂਬਰਸ਼ਿਪ ਕਾਰਡ ਸੀ। ਉਸ ਦੇ ਇੱਥੇ ਇੱਕ ਨਿਯਮਤ ਗਾਹਕ ਹੋਣ ਦਾ ਵੀ ਖੁਲਾਸਾ ਹੋਇਆ ਹੈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ, ਪਰ ਤੁਰੰਤ 50 ਹਜ਼ਾਰ ਡਾਲਰ ਦੇ ਮੁਚਲਕੇ ‘ਤੇ ਜੇਲ੍ਹ ਤੋਂ ਰਿਹਾਅ ਕਰ ਦਿੱਤਾ।