#AMERICA #Cricket #SPORTS

ਟੀ-20 ਵਿਸ਼ਵ ਕੱਪ: ਭਾਰਤੀ ਟੀਮ ਦਾ ਪਾਕਿਸਤਾਨ ਨਾਲ ਮੁਕਾਬਲਾ ਐਤਵਾਰ ਨੂੰ

ਨਿਊਯਾਰਕ, 8 ਜੂਨ (ਪੰਜਾਬ ਮੇਲ)- ਆਤਮਵਿਸ਼ਵਾਸ ਨਾਲ ਭਰੀ ਅਤੇ ਹਾਲਾਤ ਮੁਤਾਬਕ ਢਲਣ ਵਾਲੀ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਬਹੁਤ ਚਰਚਿਤ ਮੈਚ ‘ਚ ਐਤਵਾਰ ਨੂੰ ਨਸਾਓ ਕਾਊਂਟੀ ਦੀ ਗੁੰਝਲਦਾਰ ਪਿੱਚ ‘ਤੇ ਕੱਟੜ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ, ਜਿਸ ਦਾ ਹੌਂਸਲਾ ਪਹਿਲੇ ਮੈਚ ‘ਚ ਮਿਲੀ ਹਾਰ ਕਾਰਨ ਟੁੱਟਿਆ ਹੋਇਆ ਹੈ। ਟੂਰਨਾਮੈਂਟ ਵਿਚ ਸਭ ਤੋਂ ਵੱਧ ਦਰਸ਼ਕਾਂ ਨੂੰ ਖਿੱਚਣ ਕਰਨ ਵਾਲਾ ਇਹ ਮੈਚ 34000 ਦਰਸ਼ਕਾਂ ਦੀ ਸਮਰੱਥਾ ਵਾਲੇ ਨਸਾਓ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਮੈਦਾਨ ਦੀ ਪਿੱਚ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਤੱਕ ਇਸ ਸਟੇਡੀਅਮ ‘ਤੇ ਹੋਏ 3 ਮੈਚਾਂ ਦੀਆਂ 6 ਪਾਰੀਆਂ ‘ਚ ਦੋ ਵਾਰ ਹੀ ਟੀਮਾਂ ਸੈਂਕੜੇ ਤੋਂ ਪਾਰ ਹੋਈਆਂ ਹਨ। ਪਾਕਿਸਤਾਨ ਦੀ ਟੀਮ ਹਾਲੇ ਤੱਕ ਨਸਾਓ ਸਟੇਡੀਅਮ ‘ਚ ਨਹੀਂ ਖੇਡੀ ਹੈ। ਪਹਿਲੇ ਮੈਚ ‘ਚ ਅਮਰੀਕਾ ਤੋਂ ਹਾਰਨ ਵਾਲੀ ਪਾਕਿਸਤਾਨੀ ਟੀਮ ਵੀਰਵਾਰ ਰਾਤ ਨੂੰ ਹੀ ਇੱਥੇ ਪਹੁੰਚੀ। ਉਸ ਨੂੰ ਹਾਲਾਤ ਮੁਤਾਬਕ ਢਲਣ ਦਾ ਮੌਕਾ ਨਹੀਂ ਮਿਲਿਆ, ਜਿਸ ਕਾਰਨ ਉਸ ਦਾ ਨੁਕਸਾਨ ਹੋ ਸਕਦਾ ਹੈ, ਜੇ ਉਹ ਭਾਰਤ ਤੋਂ ਹਾਰ ਜਾਂਦੀ ਹੈ, ਤਾਂ ਉਸ ਦਾ ਸੁਪਰ ਅੱਠ ਗੇੜ ਵਿਚ ਦਾਖਲਾ ਲਗਪਗ ਅਸੰਭਵ ਹੋ ਜਾਵੇਗਾ।