-ਨਵੇਂ ਸਿਰੇ ਤੋਂ ਬਣਾਉਣੀ ਪਵੇਗੀ ਰਣਨੀਤੀ: ਟਰੰਪ
ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਦੀ ਦੌੜ ‘ਚੋਂ ਅਚਾਨਕ ਪਿੱਛੇ ਹਟਣ ਲਈ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਇਡਨ ਦੇ ਡਾਕਟਰਾਂ ਸਮੇਤ ਉਸ ਦੇ ਕਰੀਬੀ ਵਿਅਕਤੀ ਵੀ ਜਾਣਦੇ ਸਨ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਜਾਂ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ।
ਟਰੰਪ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਬਾਇਡਨ (81) ਨੇ ਐਤਵਾਰ ਨੂੰ ਇਹ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਰਹੇ ਹਨ ਅਤੇ ਉਨ੍ਹਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਭਾਰਤੀ-ਅਫ਼ਰੀਕੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕੀਤੀ ਹੈ। ਟਰੰਪ ਨੇ ਬਾਇਡਨ ਦੇ ਕੋਵਿਡ-19 ਤੋਂ ਪੀੜਤ ਹੋਣ ਨੂੰ ਲੈ ਕੇ ਵੀ ਸ਼ੱਕ ਜਤਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ ਸੋਸ਼ਲ’ ‘ਤੇ ਇਕ ਪੋਸਟ ‘ਚ ਕਿਹਾ, ”ਸਾਨੂੰ ਚਲਾਕ ਜੋਅ ਬਾਇਡਨ ਨਾਲ ਲੜਨ ਲਈ ਸਮਾਂ ਅਤੇ ਪੈਸਾ ਖ਼ਰਚ ਕਰਨ ਲਈ ਮਜਬੂਰ ਹੋਣਾ ਪਿਆ। ਬਹਿਸ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਉਹ ਚੋਣ ਮੈਦਾਨ ਤੋਂ ਪਿੱਛੇ ਹਟ ਗਏ। ਹੁਣ ਸਾਨੂੰ ਸਾਰਾ ਕੁਝ ਮੁੜ ਤੋਂ ਸ਼ੁਰੂ ਕਰਨਾ ਪਵੇਗਾ।” ਸਾਬਕਾ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਕੀ ਰਿਪਬਲਿਕਨ ਪਾਰਟੀ ਨੂੰ ਧੋਖਾਧੜੀ ਲਈ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਹੈ। ਉਨ੍ਹਾਂ ਬਾਇਡਨ ਨੂੰ ਅਮਰੀਕਾ ਦੇ ਇਤਿਹਾਸ ‘ਚ ਸਭ ਤੋਂ ਖ਼ਰਾਬ ਰਾਸ਼ਟਰਪਤੀ ਦੱਸਿਆ।