#AMERICA

ਟਰੰਪ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਦੀ ਥਾਂ ਅਮਰੀਕੀ ਸਾਬਕਾ ਸੈਨਿਕਾਂ ਨੂੰ ਲਿਆਉਣ ਦਾ ਐਲਾਨ

-ਪੰਜਾਬੀ ਟਰੱਕਰਾਂ ‘ਚ ਚਿੰਤਾ
ਵਾਸ਼ਿੰਗਟਨ, 20 ਜੁਲਾਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦਰਜੇ ਵਾਲੇ ਟਰੱਕ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਦੀ ਥਾਂ ਅਮਰੀਕੀ ਫ਼ੌਜ ਦੇ ਸਾਬਕਾ ਸੈਨਿਕਾਂ ਨੂੰ ਟਰੱਕਿੰਗ ਦੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ੌਜ ਵਿਚ ਭਾਰੀ ਵਾਹਨ ਚਲਾ ਚੁੱਕੇ ਸੈਨਿਕਾਂ ਲਈ ਸੀ.ਡੀ.ਐੱਲ. ਹਾਸਲ ਕਰਨ ਦੀ ਪ੍ਰਕਿਰਿਆ ਆਸਾਨ ਬਣਾਈ ਜਾਵੇਗੀ। ਹਾਲਾਂਕਿ ਇਸ ਸਬੰਧੀ ਵਿਸਥਾਰਤ ਨਿਯਮ ਅਜੇ ਜਾਰੀ ਨਹੀਂ ਕੀਤੇ ਗਏ।
ਟਰੰਪ ਨੇ ਇਹ ਐਲਾਨ ਪੈਨਸਿਲਵੇਨੀਆ ਵਿਚ ਹੋਏ ਇਕ ਸਮਾਗਮ ਦੌਰਾਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਗੈਰ-ਕਾਨੂੰਨੀ ਡਰਾਈਵਰ ਅੰਗਰੇਜ਼ੀ ਵਿਚ ਲਿਖੇ ਸੜਕ ਸੰਕੇਤ ਨਹੀਂ ਪੜ੍ਹ ਸਕਦੇ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਪਰ ਇਸ ਬਾਰੇ ਕੋਈ ਅਧਿਕਾਰਤ ਅੰਕੜੇ ਪੇਸ਼ ਨਹੀਂ ਕੀਤੇ।
ਇਸ ਐਲਾਨ ਤੋਂ ਬਾਅਦ ”ਡੇਢ ਲੱਖ ਭਾਰਤੀ ਜਾਂ ਸਿੱਖ ਟਰੱਕਰ ਪ੍ਰਭਾਵਿਤ ਹੋਣ” ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਇਹ ਗਿਣਤੀ ਟਰੱਕਿੰਗ ਕਾਰੋਬਾਰ ਨਾਲ ਜੁੜੇ ਸਮੁੱਚੇ ਪੰਜਾਬੀ-ਸਿੱਖ ਭਾਈਚਾਰੇ ਦੀ ਹੈ, ਨਾ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦਰਜੇ ਵਾਲੇ ਡਰਾਈਵਰਾਂ ਦੀ।
ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੰਮ ਕਰ ਰਹੇ ਜ਼ਿਆਦਾਤਰ ਪੰਜਾਬੀ ਟਰੱਕਰ ਅਮਰੀਕੀ ਨਾਗਰਿਕ, ਗ੍ਰੀਨ ਕਾਰਡ ਧਾਰਕ ਜਾਂ ਕਾਨੂੰਨੀ ਵਰਕ ਪਰਮਿਟ ਵਾਲੇ ਹਨ। ਇਸ ਲਈ ਉਨ੍ਹਾਂ ਦੀਆਂ ਨੌਕਰੀਆਂ ਉੱਤੇ ਸਿੱਧਾ ਅਸਰ ਨਹੀਂ ਪਵੇਗਾ। ਪ੍ਰਭਾਵ ਮੁੱਖ ਤੌਰ ‘ਤੇ ਉਨ੍ਹਾਂ ਲੋਕਾਂ ਉੱਤੇ ਪੈ ਸਕਦਾ ਹੈ, ਜਿਨ੍ਹਾਂ ਕੋਲ ਕਾਨੂੰਨੀ ਇਮੀਗ੍ਰੇਸ਼ਨ ਦਰਜਾ ਜਾਂ ਵੈਧ ਕੰਮ ਦੀ ਮਨਜ਼ੂਰੀ ਨਹੀਂ ਹੈ।
ਇਸ ਦੇ ਨਾਲ ਹੀ ਟਰੰਪ ਪ੍ਰਸ਼ਾਸਨ ਗੈਰ-ਰਿਹਾਇਸ਼ੀ ਸੀ.ਡੀ.ਐੱਲ., ਇਮੀਗ੍ਰੇਸ਼ਨ ਦਸਤਾਵੇਜ਼ਾਂ ਅਤੇ ਅੰਗਰੇਜ਼ੀ ਯੋਗਤਾ ਦੀ ਜਾਂਚ ਵੀ ਸਖ਼ਤ ਕਰ ਰਿਹਾ ਹੈ। ਕਿਉਂਕਿ ਪੰਜਾਬੀ ਭਾਈਚਾਰੇ ਦੀ ਅਮਰੀਕੀ ਟਰੱਕਿੰਗ ਉਦਯੋਗ ਵਿਚ ਵੱਡੀ ਭੂਮਿਕਾ ਹੈ, ਇਸ ਲਈ ਕਿਸੇ ਵੀ ਨਵੇਂ ਨਿਯਮ ਦਾ ਅਸਰ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਉੱਤੇ ਪੈ ਸਕਦਾ ਹੈ। ਫਿਲਹਾਲ ਇਹ ਇਕ ਨੀਤੀਗਤ ਪ੍ਰਸਤਾਵ ਹੈ, ਅੰਤਿਮ ਸਰਕਾਰੀ ਹੁਕਮ ਨਹੀਂ।