#AMERICA

ਟਰੰਪ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਪਾਕਿਸਤਾਨੀ ਨਾਗਰਿਕ ਨੂੰ 330 ਮਹੀਨੇ ਕੈਦ ਦੀ ਸਜ਼ਾ

ਵਾਸ਼ਿੰਗਟਨ, 18 ਨਵੰਬਰ (ਪੰਜਾਬ ਮੇਲ)-ਅਮਰੀਕਾ ਦੀ ਇੱਕ ਫੈਡਰਲ ਅਦਾਲਤ ਨੇ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੇ ਇਸ਼ਾਰੇ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਣੇ ਚੋਟੀ ਦੇ ਅਮਰੀਕੀ ਅਧਿਕਾਰੀਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਪਾਕਿਸਤਾਨੀ ਨਾਗਰਿਕ ਆਸਿਫ਼ ਮਰਚੈਂਟ (48) ਨੂੰ 330 ਮਹੀਨੇ (27 ਸਾਲ ਅਤੇ 6 ਮਹੀਨੇ) ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਨਿਆਂ ਵਿਭਾਗ (ਡੀ.ਓ.ਜੇ.) ਵੱਲੋਂ ਜਾਰੀ ਬਿਆਨ ਅਨੁਸਾਰ, ਬਰੁਕਲਿਨ ਦੀ ਅਦਾਲਤ ‘ਚ ਡਿਸਟ੍ਰਿਕਟ ਜੱਜ ਐਰਿਕ ਆਰ. ਕੋਮੀਟੀ ਨੇ ਇਹ ਫ਼ੈਸਲਾ ਸੁਣਾਇਆ।
ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਅਤੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਅਨੁਸਾਰ, ਮਰਚੈਂਟ 2022 ‘ਚ ਧਾਰਮਿਕ ਯਾਤਰਾਵਾਂ ਦੌਰਾਨ ਇਰਾਨ ਗਿਆ ਸੀ, ਜਿੱਥੇ ਉਸ ਨੂੰ ਆਈ.ਆਰ.ਜੀ.ਸੀ. ਹੈਂਡਲਰ ਯੂਸਫ਼ ਮੇਰਹਰਦਾਦ ਨੇ ਭਰਤੀ ਕੀਤਾ ਅਤੇ ਤਹਿਰਾਨ ‘ਚ ਲਗਭਗ 15 ਮੀਟਿੰਗਾਂ ਦੌਰਾਨ ਕਾਊਂਟਰ-ਇੰਟੈਲੀਜੈਂਸ ਦੀ ਟ੍ਰੇਨਿੰਗ ਦਿੱਤੀ। ਇਸ ਸਾਜ਼ਿਸ਼ ਦਾ ਮੁੱਖ ਮਕਸਦ ਜਨਵਰੀ 2020 ‘ਚ ਅਮਰੀਕੀ ਡਰੋਨ ਹਮਲੇ ‘ਚ ਮਾਰੇ ਗਏ ਸਾਬਕਾ ਆਈ.ਆਰ.ਜੀ.ਸੀ. ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣਾ ਸੀ। ਆਸਿਫ਼ ਵੱਲੋਂ ਕੀਤੇ ਜਾਣ ਵਾਲੇ ਹਮਲੇ ਦੌਰਾਨ ਮੇਨ ਟਾਰਗੇਟ ਡੋਨਾਲਡ ਟਰੰਪ ਸੀ, ਜਦਕਿ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਅਤੇ ਨਿੱਕੀ ਹੈਲੀ ਦੇ ਨਾਂ ਵੀ ਇਸ ਦੀ ਹਿੱਟ ਲਿਸਟ ‘ਚ ਸ਼ਾਮਲ ਸਨ।
ਅਪ੍ਰੈਲ 2024 ‘ਚ ਅਮਰੀਕਾ ਪਹੁੰਚਣ ਤੋਂ ਬਾਅਦ ਮਰਚੈਂਟ ਨੇ ਇੱਕ ਜਾਣਕਾਰ ਨਾਲ ਸੰਪਰਕ ਕੀਤਾ, ਜਿਸ ਨੇ ਐੱਫ.ਬੀ.ਆਈ. ਨੂੰ ਸੂਚਿਤ ਕਰ ਦਿੱਤਾ ਅਤੇ ਮੁਖ਼ਬਰ ਬਣ ਕੇ ਕੰਮ ਕੀਤਾ। ਇਸ ਤੋਂ ਬਾਅਦ ਮਰਚੈਂਟ ਨੇ ਜਿਨ੍ਹਾਂ ਲੋਕਾਂ ਨੂੰ ਕਿਰਾਏ ਦੇ ਕਾਤਲ ਸਮਝ ਕੇ 3 ਵਾਰ ਮੁਲਾਕਾਤ ਕੀਤੀ ਅਤੇ 5,000 ਅਮਰੀਕੀ ਡਾਲਰ ਦੀ ਪੇਸ਼ਗੀ ਰਕਮ ਦਿੱਤੀ, ਉਹ ਅਸਲ ਵਿਚ ਐੱਫ.ਬੀ.ਆਈ. ਦੇ ਅੰਡਰਕਵਰ ਏਜੰਟ ਸਨ।
ਜਾਂਚ ਦੌਰਾਨ ਮਰਚੈਂਟ ਦੇ ਲੈਪਟਾਪ ਅਤੇ ਫ਼ੋਨ ਤੋਂ ਟਰੰਪ ਦੀਆਂ ਚੋਣ ਰੈਲੀਆਂ ਬਾਰੇ ਇੰਟਰਨੈੱਟ ਸਰਚ, ਨਿਊਜਰਸੀ ‘ਚ ਟਰੰਪ ਰੈਲੀ ਦੀ ਗੂਗਲ ਮੈਪਸ ਲੋਕੇਸ਼ਨ ਅਤੇ ਸੁਲੇਮਾਨੀ ਦੀ ਤਾਰੀਫ਼ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਬਰਾਮਦ ਹੋਈਆਂ। ਐੱਫ.ਬੀ.ਆਈ. ਨੇ ਉਸ ਨੂੰ 12 ਜੁਲਾਈ 2024 ‘ਚ ਦੇਸ਼ ਛੱਡ ਕੇ ਭੱਜਣ ਦੀ ਤਿਆਰੀ ਕਰਦਿਆਂ ਰਿਚਮੰਡ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮਾਰਚ 2026 ‘ਚ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੁਣ ਉਸ ਨੂੰ ਇਹ ਸਖ਼ਤ ਸਜ਼ਾ ਸੁਣਾਈ ਗਈ ਹੈ