#AMERICA

ਟਰੰਪ ਦੀ ਅਗਵਾਈ ਹੇਠ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਚਲਾਈ ਮੁਹਿੰਮ ਨੇ ਤੋੜੇ ਸਾਰੇ ਰਿਕਾਰਡ

ਵਿੱਤੀ ਵਰ੍ਹੇ 2026 ਦੌਰਾਨ 4.83 ਲੱਖ ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਕੀਤੇ ਡਿਪੋਰਟ
ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਚਲਾਈ ਗਈ ਸਖ਼ਤ ਮੁਹਿੰਮ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਵਿੱਤੀ ਵਰ੍ਹੇ 2026 ਦੌਰਾਨ ਆਪਣੇ 23 ਸਾਲਾਂ ਦੇ ਇਤਿਹਾਸ ਵਿਚ ਸਭ ਤੋਂ ਵੱਧ 4,83,200 ਲੋਕਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ (ਡੀ.ਐੱਚ.ਐੱਸ.) ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਤੋਂ ਬਾਅਦ ਦੇਸ਼ ਦੀ ਸਿਆਸਤ ਵਿਚ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ।
30 ਸਤੰਬਰ ਨੂੰ ਖ਼ਤਮ ਹੋਏ ਵਿੱਤੀ ਵਰ੍ਹੇ ਦੇ ਇਹ ਅੰਕੜੇ ਜੋਅ ਬਾਇਡਨ ਦੇ ਅੰਤਿਮ ਵਰ੍ਹੇ (2024: 2,71,480) ਨਾਲੋਂ 78 ਫੀਸਦੀ ਵੱਧ ਹਨ, ਜਦਕਿ ਪਿਛਲੇ ਸਾਲ 2025 (4,42,640) ਦੇ ਮੁਕਾਬਲੇ ਇਹ 9 ਫੀਸਦੀ ਜ਼ਿਆਦਾ ਹਨ।
ਇਹ 2014 (ਬਰਾਕ ਓਬਾਮਾ ਕਾਰਜਕਾਲ: 4,05,090) ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਧ 11 ਲੱਖ ਡਿਪੋਰਟੇਸ਼ਨ 1954 ਵਿਚ ਰਾਸ਼ਟਰਪਤੀ ਡਵਾਇਟ ਡੀ. ਆਈਜ਼ਨਹਾਵਰ ਦੇ ਸਮੇਂ ਹੋਈ ਸੀ।
ਵ੍ਹਾਈਟ ਹਾਊਸ ਵੱਲੋਂ ਸਾਲਾਨਾ 10 ਲੱਖ ਲੋਕਾਂ ਨੂੰ ਬਾਹਰ ਕੱਢਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਨਾਲੋਂ ਇਹ ਅੰਕੜਾ ਕਾਫ਼ੀ ਘੱਟ ਹੈ। ਡਾਟਾ ਅਨੁਸਾਰ ਜੁਲਾਈ ਵਿਚ ਡਿਪੋਰਟ ਕੀਤੇ ਗਏ ਲੋਕਾਂ ਵਿਚੋਂ ਸਿਰਫ਼ ਇੱਕ-ਚੌਥਾਈ ਹੀ ਅਪਰਾਧੀ ਸਨ, ਜਦਕਿ ਅੱਧੇ ਤੋਂ ਵੱਧ ‘ਤੇ ਕੋਈ ਦੋਸ਼ ਵੀ ਦਰਜ ਨਹੀਂ ਸੀ।
ਹੋਮਲੈਂਡ ਸਕਿਓਰਿਟੀ ਸਕੱਤਰ ਮਾਰਕਵੇਨ ਮੁਲਿਨ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ ਆਈਸ ਨੂੰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਬਾਹਰ ਕੱਢਣ ਦੀ ਪੂਰੀ ਛੋਟ ਦਿੱਤੀ ਗਈ ਹੈ, ਤਾਂ ਜੋ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।
ਡਿਪੋਰਟੇਸ਼ਨ ਮੁਹਿੰਮ ਦੌਰਾਨ ਮਿਨੀਆਪੋਲਿਸ ਵਿਚ ਭਾਰੀ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ। ਉੱਥੇ 2,000 ਤੋਂ ਵੱਧ ਫ਼ੈਡਰਲ ਅਧਿਕਾਰੀਆਂ ਦੀ ਤੈਨਾਤੀ ਤੋਂ ਬਾਅਦ ਹੋਈਆਂ ਝੜਪਾਂ ਵਿਚ ਦੋ ਅਮਰੀਕੀ ਨਾਗਰਿਕਾਂ ਰੇਨੀ ਗੁਡ (37) ਅਤੇ ਐਲੇਕਸ ਪ੍ਰੀਟੀ (37) ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਜਨਤਕ ਛਾਪੇਮਾਰੀ ਦੀ ਬਜਾਏ ਗੁਪਤ ਤਰੀਕੇ ਨਾਲ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ।
ਖੇਤਾਂ ਅਤੇ ਫੈਕਟਰੀਆਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਪ੍ਰਵਾਸੀਆਂ ਦੀਆਂ ਗ੍ਰਿਫ਼ਤਾਰੀਆਂ ਕਾਰਨ ਗ੍ਰਾਮੀਣ ਇਲਾਕਿਆਂ ਦੇ ਰਵਾਇਤੀ ਰਿਪਬਲਿਕਨ ਵੋਟਰ ਵੀ ਨਾਰਾਜ਼ ਹੋ ਗਏ। ਜਨਤਾ ਦੇ ਰੋਸ ਅਤੇ ਸਿਆਸੀ ਵਿਰੋਧ ਕਾਰਨ ਹਾਲ ਹੀ ਵਿਚ ਹੋਈਆਂ ਮਿਡਟਰਮ ਚੋਣਾਂ ਵਿਚ ਡੈਮੋਕ੍ਰੇਟਸ ਨੇ ਭਾਰੀ ਜਿੱਤ ਦਰਜ ਕੀਤੀ ਹੈ।