#CANADA

ਟਰੂਡੋ ਵੱਲੋਂ ਚਾਈਲਡ ਕੇਅਰ ਲਈ ਇਕ ਬਿਲੀਅਨ Dollar ਦੇਣ ਦੀ ਪੇਸ਼ਕਸ਼

ਸਰੀ, 4 ਅਪ੍ਰੈਲ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਵੀਰਵਾਰ ਸਰੀ ਵਿਚ ਐਲਾਨ ਕੀਤਾ ਕਿ ਦੇਸ਼ ਭਰ ਵਿਚ ਚਾਈਲਡ ਕੇਅਰ 10 ਡਾਲਰ ਰੋਜ਼ਾਨਾ ਰੱਖਣ ਲਈ ਇਕ ਬਿਲੀਅਨ ਡਾਲਰ ਦਾ ਨਿਵੇਸ਼ ਕਰਨਗੇ।
ਟਰੂਡੋ ਨੇ ਆਖਿਆ ਕਿ 2024 ਦਾ ਬਜਟ, ਜੋ ਕਿ ਅਗਲੇ ਮਹੀਨੇ ਪੇਸ਼ ਕੀਤਾ ਜਾਣਾ ਹੈ, ਤਹਿਤ ਲੋਅ ਕੌਸਟ ਲੋਨ ਤੇ ਗ੍ਰਾਂਟਾਂ ਸਿੱਧੇ ਤੌਰ ਉੱਤੇ ਪਬਲਿਕ ਤੇ ਗੈਰਮੁਨਾਫੇ ਵਾਲੇ ਚਾਈਲਡ ਕੇਅਰ ਪ੍ਰੋਵਾਈਡਰਜ਼ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਫੰਡ ਸੀ.ਐੱਮ.ਐੱਚ.ਸੀ. ਰਾਹੀਂ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਹਾਊਸਿੰਗ ਆਦਿ ਦੇ ਨਾਲ-ਨਾਲ ਚਾਈਲਡ ਕੇਅਰ ਦਾ ਵੀ ਵਿਕਾਸ ਹੋਵੇਗਾ। ਉਨ੍ਹਾਂ ਆਖਿਆ ਕਿ ਹੁਣ ਤੱਕ ਉਹ 100,000 ਸਪੇਸਿਜ਼ ਨੂੰ ਫੰਡ ਕਰ ਚੁੱਕੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ।
ਟਰੂਡੋ ਨੇ ਆਖਿਆ ਕਿ ਇਸ ਪ੍ਰੋਗਰਾਮ ਰਾਹੀਂ ਹਰ ਨਿੱਕੇ ਬੱਚੇ ਨੂੰ ਜ਼ਿੰਦਗੀ ਵਿਚ ਚੰਗੀ ਸ਼ੁਰੂਆਤ ਮਿਲ ਸਕੇਗੀ। ਉਨ੍ਹਾਂ ਆਖਿਆ ਕਿ ਚੰਗੀ ਮਿਆਰੀ ਚਾਈਲਡ ਕੇਅਰ ਨਾਲ ਬੱਚਿਆਂ ਨੂੰ ਸਕੂਲ ਵਿਚ ਬਿਹਤਰ ਕਾਰਗੁਜ਼ਾਰੀ ਤੱਕ ਪਹੁੰਚ ਮਿਲੇਗੀ ਤੇ ਜ਼ਿੰਦਗੀ ਵਿਚ ਸਫਲਤਾ ਦਾ ਰਾਹ ਖੁੱਲ੍ਹੇਗਾ। ਇਸ ਨਾਲ ਯੰਗ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਿਹਤਰ ਢੰਗ ਨਾਲ ਪਾਲਣ ਦਾ ਮੌਕਾ ਮਿਲੇਗਾ ਤੇ ਉਹ ਇਸ ਦੇ ਨਾਲ ਹੀ ਆਪਣੇ ਕਰੀਅਰ ਵੀ ਸਵਾਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਯੋਗ ਚਾਈਲਡ ਕੇਅਰ ਸੈਂਟਰਜ਼ ਨੂੰ ਨਵੀਆਂ ਸਪੇਸਿਜ਼ ਬਣਾਉਣ ਤੇ ਪੁਰਾਣੀਆਂ ਨੂੰ ਰੈਨੋਵੇਟ ਕਰਵਾਉਣ ਲਈ 60 ਮਿਲੀਅਨ ਡਾਲਰ ਵਾਧੂ ਮੁਹੱਈਆ ਕਰਵਾਏ ਜਾਣਗੇ।
ਟਰੂਡੋ ਨੇ ਇਹ ਵੀ ਆਖਿਆ ਕਿ ਲਿਬਰਲ ਸਰਕਾਰ ਰੂਰਲ ਤੇ ਰਿਮੋਟ ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਸਟੂਡੈਂਟ ਲੋਨ ਮੁਆਫ ਕਰਨ ਦੀ ਪੇਸ਼ਕਸ਼ ਵੀ ਰੱਖੇਗੀ ਤੇ ਉਨ੍ਹਾਂ ਨੂੰ ਵਾਧੂ ਟਰੇਨਿੰਗ ਦੇਣ ਲਈ ਦੋ ਸਾਲਾਂ ਵਿਚ 10 ਮਿਲੀਅਨ ਡਾਲਰ ਤੋਂ ਵੱਧ ਵੀ ਖਰਚ ਕਰੇਗੀ। ਇਹ ਉਸ ਤਰ੍ਹਾਂ ਦਾ ਪ੍ਰੋਗਰਾਮ ਹੀ ਹੋਵੇਗਾ, ਜਿਹੜਾ ਰੂਰਲ ਡਾਕਟਰਾਂ ਤੇ ਨਰਸਾਂ ਲਈ ਚਲਾਇਆ ਜਾਂਦਾ ਹੈ।