ਟਾਹਲੀ ਸਾਹਿਬ ਤੇ ਆਰ. ਐੱਸ. ਪੁਰਾ ਵਿਖੇ ਨਾਮਮਾਤਰ ਦਰਾਂ ’ਤੇ ਹੋਣਗੀਆਂ ਡਾਕਟਰੀ ਜਾਂਚਾਂ
ਜੰਮੂ, 12 ਨਵੰਬਰ, (ਪੰਜਾਬ ਮੇਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਨੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਜੀਪੀਸੀ), ਜੰਮੂ ਦੇ ਸਹਿਯੋਗ ਨਾਲ ਦੋ ‘ਸੰਨੀ ਓਬਰਾਏ ਕਲੀਨੀਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ’ ਖੋਲ੍ਹੇ ਹਨ। ਇੱਕ ਲੈਬ ਗੁਰਦੁਆਰਾ ਛੇਵੀਂ ਪਾਤਸ਼ਾਹੀ ਟਾਹਲੀ ਸਾਹਿਬ, ਜੰਮੂ ਵਿਖੇ ਅਤੇ ਦੂਜੀ ਆਲ ਜੰਮੂ-ਕਸ਼ਮੀਰ ਲਬਾਣਾ ਸਮਾਜ ਦੇ ਕੇਂਦਰੀ ਗੁਰਦੁਆਰਾ ਸਾਹਿਬ, ਆਰ. ਐੱਸ. ਪੁਰਾ ਵਿਖੇ ਸਥਾਪਤ ਕੀਤੀ ਗਈ ਹੈ। ਦੋਵੇਂ ਕੇਂਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਨ।
ਦੋਵੇਂ ਕੇਂਦਰਾਂ ਦਾ ਉਦਘਾਟਨ ਟਰੱਸਟ ਦੇ ਸੰਸਥਾਪਕ ਤੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ, ਸਿੱਕਿਮ ਹਾਈ ਕੋਰਟ ਦੇ ਸੇਵਾਮੁਕਤ ਮੁੱਖ ਨਿਆਂਧੀਸ਼ ਜਸਟਿਸ ਪਰਮੋਦ ਕੋਹਲੀ ਅਤੇ ਟਰੱਸਟੀ ਸੇਵਾਮੁਕਤ ਜਸਟਿਸ ਐੱਮ. ਐੱਮ. ਐੱਸ. ਬੇਦੀ ਨੇ ਸਾਂਝੇ ਤੌਰ ’ਤੇ ਕੀਤਾ। ਆਰ. ਐੱਸ. ਪੁਰਾ ਵਿੱਚ ਸਥਾਨਕ ਸੰਗਤ ਨੇ ਡਾ. ਓਬਰਾਏ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਉੱਥੇ ਵਿਸ਼ੇਸ਼ ਅਰਦਾਸ ਅਤੇ ਕੀਰਤਨ ਉਪਰੰਤ ਲੈਬ ਲੋਕਾਂ ਨੂੰ ਸਮਰਪਿਤ ਕੀਤੀ ਗਈ।
ਆਰ. ਐੱਸ. ਪੁਰਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਓਬਰਾਏ ਨੇ ਇਸ ਲੈਬ ਨੂੰ ਜੰਮੂ-ਕਸ਼ਮੀਰ ਵਿੱਚ ਟਰੱਸਟ ਦਾ ਤੀਜਾ ਕੇਂਦਰ ਦੱਸਿਆ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਹੋਰ ਇਲਾਕਿਆਂ ਵਿੱਚ ਵੀ ਅਜਿਹੇ ਕੇਂਦਰ ਖੋਲ੍ਹਣ ਦਾ ਯਤਨ ਕੀਤਾ ਜਾਵੇਗਾ।
ਡਾ. ਓਬਰਾਏ ਨੇ ਦੱਸਿਆ ਸੀ ਕਿ ਟਰੱਸਟ 200 ਲੈਬਾਰਟਰੀਆਂ ਖੋਲ੍ਹਣ ਦੇ ਟੀਚੇ ਤਹਿਤ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ 150 ਤੋਂ ਵੱਧ ਲੈਬਾਰਟਰੀਆਂ ਖੋਲ੍ਹ ਚੁੱਕਾ ਸੀ। ਉਨ੍ਹਾਂ ਮੁਤਾਬਕ ਉਸ ਤੋਂ ਪਹਿਲਾਂ ਦੇ ਇੱਕ ਸਾਲ ਦੌਰਾਨ 27 ਲੱਖ ਤੋਂ ਵੱਧ ਲੋਕਾਂ ਨੇ ਇਨ੍ਹਾਂ ਲੈਬਾਂ ਵਿੱਚ ਸਿਰਫ਼ ਲਾਗਤ ਦਰਾਂ ’ਤੇ ਜਾਂਚਾਂ ਕਰਵਾਈਆਂ। ਟਰੱਸਟ ਰਿਆਇਤੀ ਡਾਇਲਸਿਸ ਦੇ ਨਾਲ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮਾਲੀ ਸਹਾਇਤਾ ਅਤੇ ਨੌਜਵਾਨਾਂ ਨੂੰ ਮੁਫ਼ਤ ਕੰਪਿਊਟਰ ਤੇ ਸਿਲਾਈ-ਕਢਾਈ ਦੀ ਸਿਖਲਾਈ ਵੀ ਦਿੰਦਾ ਹੈ।
ਦੋਵੇਂ ਉਦਘਾਟਨੀ ਸਮਾਗਮਾਂ ਵਿੱਚ ਟਰੱਸਟ ਦੀਆਂ ਸਿਹਤ ਸੇਵਾਵਾਂ ਦੇ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ, ਡੀਜੀਪੀਸੀ ਜੰਮੂ ਦੇ ਪ੍ਰਧਾਨ ਸ. ਰਣਜੀਤ ਸਿੰਘ ਟੌਹੜਾ ਅਤੇ ਜੁਆਇੰਟ ਸਕੱਤਰ ਸ. ਰਣਵੀਰ ਸਿੰਘ ਹਾਜ਼ਰ ਰਹੇ। ਟਾਹਲੀ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਬੀਬੀ ਹਰਪ੍ਰੀਤ ਕੌਰ, ਸਕੱਤਰ ਸ. ਮਨਮੋਹਨ ਸਿੰਘ, ਡੀਜੀਪੀਸੀ ਦੇ ਖ਼ਜ਼ਾਨਚੀ ਸ. ਜਗਪਾਲ ਸਿੰਘ, ਮੈਂਬਰ ਸ. ਕਰਨ ਸਿੰਘ ਬਾਲੀ ਅਤੇ ਸਾਧ ਸੰਗਤ ਨੇ ਵੀ ਹਾਜ਼ਰੀ ਭਰੀ।
ਆਰ. ਐੱਸ. ਪੁਰਾ ਦੇ ਸਮਾਗਮ ਵਿੱਚ ਸੁਚੇਤਗੜ੍ਹ ਦੇ ਵਿਧਾਇਕ ਪ੍ਰੋ. ਘਾਰੂ ਰਾਮ ਭਗਤ, ਆਰ. ਐੱਸ. ਪੁਰਾ–ਜੰਮੂ ਦੱਖਣ ਦੇ ਵਿਧਾਇਕ ਡਾ. ਨਰਿੰਦਰ ਸਿੰਘ ਰੈਣਾ ਅਤੇ ਆਰ. ਐੱਸ. ਪੁਰਾ ਦੀ ਐੱਸ. ਡੀ. ਐੱਮ. ਅਨੁਰਾਧਾ ਠਾਕੁਰ ਮੌਜੂਦ ਸਨ। ਦੋਵੇਂ ਵਿਧਾਇਕਾਂ ਨੇ ਕਿਹਾ ਕਿ ਇਸ ਸਹੂਲਤ ਦਾ ਲਾਭ ਸਮਾਜ ਦੇ ਹਰ ਵਰਗ ਨੂੰ ਮਿਲੇਗਾ। ਇਸ ਮੌਕੇ ਕੇਂਦਰੀ ਗੁਰਦੁਆਰਾ ਕਮੇਟੀ ਦੇ ਚੇਅਰਮੈਨ ਸ. ਬਾਨਾ ਸਿੰਘ, ਸਕੱਤਰ ਸ. ਸੁਰਿੰਦਰ ਸਿੰਘ, ਕੈਸ਼ੀਅਰ ਸ. ਮੁਨੀਰ ਸਿੰਘ, ਡੀਜੀਪੀਸੀ ਮੈਂਬਰ ਸ. ਗੁਰਮੀਤ ਸਿੰਘ, ਸ. ਓਂਕਾਰ ਸਿੰਘ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

