#CANADA

ਜੇ ਟਰੰਪ ਨੇ ਨਵੇਂ ਟੈਰਿਫ ਲਾਗੂ ਕੀਤਾ, ਤਾਂ ਕੈਨੇਡਾ ਵੀ ਜਵਾਬ ਦੇਣ ਲਈ ਤਿਆਰ: ਪ੍ਰਧਾਨ ਮੰਤਰੀ ਕਾਰਨੀ

ਵੈਨਕੂਵਰ, 24 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇੱਕ ਵਿਆਪਕ ਵਪਾਰ ਸਮਝੌਤੇ ਲਈ ਸੰਯੁਕਤ ਰਾਜ ਅਮਰੀਕਾ ਨਾਲ ਗੱਲਬਾਤ ਤੇਜ਼ ਕਰ ਰਿਹਾ ਹੈ ਪਰ ਜੇਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੈਨੇਡੀਅਨ ਵਸਤੂਆਂ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਲਾਗੂ ਕੀਤੀ ਜਾਂਦੀ ਹੈ ਤਾਂ ਉਹ ਜਵਾਬ ਦੇਣ ਲਈ ਤਿਆਰ ਹਨ। ਟਰੰਪ ਨੇ ਸੋਮਵਾਰ ਨੂੰ ਨਵੇਂ ਟੈਰਿਫਾਂ ਦਾ ਐਲਾਨ ਕੀਤਾ ਅਤੇ ਇਹ 19 ਅਗਸਤ ਤੋਂ ਲਾਗੂ ਹੋਣਗੇ।
ਕਾਰਨੀ ਨੇ ਪ੍ਰਿੰਸ ਐਡਵਰਡ ਆਈਲੈਂਡ ਦੇ ਸ਼ਾਰਲਟਟਾਊਨ ਵਿਚ ਕੈਨੇਡਾ ਦੇ ਸੂਬਿਆਂ ਅਤੇ ਪ੍ਰਦੇਸ਼ਾਂ ਦੇ ਮੁਖੀਆਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ”ਜੇਕਰ ਉਕਤ ਟੈਰਿਫ ਜਾਂ ਹੋਰ ਉਪਾਅ ਲਾਗੂ ਹੁੰਦੇ ਹਨ, ਤਾਂ ਸਾਡੇ ਕੋਲ ਜਵਾਬ ਦੇਣ ਲਈ ਕਈ ਵਿਕਲਪ ਹਨ।” ਕਾਰਨੀ ਨੇ ਅੱਗੇ ਕਿਹਾ ਕਿ ਜੇਕਰ ਟੈਰਿਫ ਲਾਗੂ ਹੋਣ ਤੋਂ ਪਹਿਲਾਂ ਕੋਈ ਸਮਝੌਤਾ ਨਹੀਂ ਹੋ ਪਾਉਂਦਾ, ਤਾਂ ‘ਸਾਰੇ ਵਿਕਲਪ ਖੁੱਲ੍ਹੇ ਹਨ’। ਉਨ੍ਹਾਂ ਨੇ ਕਿਹਾ, ”ਸਾਨੂੰ ਪਹਿਲਾਂ ਤੋਂ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ। ਦਰਅਸਲ, ਮੇਰਾ ਮੰਨਣਾ ਹੈ ਕਿ ਇਸ ਪੜਾਅ ‘ਤੇ ਪਹਿਲਾਂ ਤੋਂ ਜਵਾਬ ਦੇਣਾ ਨੁਕਸਾਨਦੇਹ ਹੋਵੇਗਾ।” ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ, ”ਅਸੀਂ 18 ਮਹੀਨੇ ਪਹਿਲਾਂ ਦੇ ਮੁਕਾਬਲੇ ਅੱਜ ਵਧੇਰੇ ਮਜ਼ਬੂਤ ਸਥਿਤੀ ਵਿਚ ਹਾਂ”। ਉਨ੍ਹਾਂ ਨੇ ਅਮਰੀਕਾ ਦੇ ਇਸ ਕਦਮ ਨੂੰ ਸੀ.ਯੂ.ਐੱਸ.ਐੱਮ.ਏ. (ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ) ਦੀ ਸਿੱਧੀ ਉਲੰਘਣਾ ਦੱਸਿਆ ਹੈ।
ਨਵੇਂ ਟੈਰਿਫ ਕਈ ਚੀਜ਼ਾਂ ‘ਤੇ ਲਾਗੂ ਹੋਣਗੇ, ਜਿਨ੍ਹਾਂ ਵਿਚ ਸ਼ਹਿਦ, ਵਾਈਨ, ਸੀਮੈਂਟ, ਡੇਅਰੀ ਉਤਪਾਦ, ਕੁਝ ਲੱਕੜ ਦੇ ਉਤਪਾਦ ਅਤੇ ਹਾਕੀ ਸਟਿੱਕ ਸ਼ਾਮਲ ਹਨ। ਊਰਜਾ ਉਤਪਾਦ, ਪੋਟਾਸ਼, ਮੱਛੀ ਅਤੇ ਮਹੱਤਵਪੂਰਨ ਖਣਿਜ ਸ਼ਾਮਲ ਨਹੀਂ ਹਨ। ਹਾਲਾਂਕਿ ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ (ਯੂ.ਐੱਸ.ਐੱਮ.ਸੀ.ਏ.) ਦੇ ਤਹਿਤ ਪਹਿਲਾਂ ਆਯਾਤ ਟੈਰਿਫ ਤੋਂ ਸੁਰੱਖਿਅਤ ਵਸਤੂਆਂ ‘ਤੇ ਵੀ ਟੈਰਿਫ ਲਗਾਏ ਜਾਣਗੇ। ਅਮਰੀਕਾ ਨੇ 2020 ਦੇ ਵਪਾਰ ਸਮਝੌਤੇ ਨੂੰ ਰੀਨਿਊ ਨਹੀਂ ਕੀਤਾ, ਜਿਸ ਨਾਲ ਨਵੀਂ ਗੱਲਬਾਤ ਸ਼ੁਰੂ ਹੋਈ, ਜੋ 2036 ਤੱਕ ਚੱਲ ਸਕਦੀ ਹੈ। ਕਾਰਨੀ ਨੇ ਕਿਹਾ ਕਿ ਟੈਰਿਫ ਦੀ ਅਮਰੀਕੀ ਧਮਕੀ ਵੀ ਇੱਕ ਗੱਲਬਾਤ ਦੀ ਰਣਨੀਤੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ, ”ਅਸੀਂ ਅਮਰੀਕਾ ਨੂੰ ਕਈ ਵਪਾਰਕ ਗੱਲਬਾਤਾਂ ਵਿਚ ਸ਼ਾਮਲ ਹੁੰਦੇ ਦੇਖਿਆ ਹੈ ਅਤੇ ਉਨ੍ਹਾਂ ਦੀ ਆਮ ਤੌਰ ‘ਤੇ ਇੱਕ ਸਮਾਂ ਸੀਮਾ ਹੁੰਦੀ ਹੈ। ਆਮ ਤੌਰ ‘ਤੇ, ਉਹ ਸਮਾਂ ਸੀਮਾ ਬਹੁਤ ਉੱਚ ਟੈਰਿਫ ਦੀ ਧਮਕੀ ਦੇ ਨਾਲ ਹੁੰਦੀ ਹੈ,” ਕਾਰਨੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਅਮਰੀਕੀ ਅਧਿਕਾਰੀ ਇੱਕ ਵਪਾਰ ਸਮਝੌਤੇ ‘ਤੇ ਪਹੁੰਚਣ ਲਈ ਉਤਸੁਕ ਹਨ।