ਪਟਿਆਲਾ, 2 ਮਈ (ਪੰਜਾਬ ਮੇਲ)- ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬੁੱਧਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਭਾਈ ਰਾਜੋਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਵਿਚ ਸਜ਼ਾ ਭੁਗਤਦੇ ਹੋਏ ਨੂੰ 30 ਸਾਲ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ 18 ਸਾਲ ਕੋਠੜੀ ‘ਚ ਬੰਦ ਹੋਣ ਤੋਂ ਬਾਅਦ ਵੀ ਦਿੱਲੀ ਦੇ ਹੁਕਮਰਾਨਾਂ ਨੇ ਉਨ੍ਹਾਂ ਦੀ ਸਜ਼ਾ ਸੰਬੰਧੀ ਪਾਈ ਅਪੀਲ ‘ਤੇ ਕੋਈ ਵੀ ਫ਼ੈਸਲਾ ਨਹੀਂ ਲਿਆ, ਇਹ ਕੋਈ ਇਨਸਾਫ਼ ਨਹੀਂ ਹੈ।
ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦਾ ਪੂਰਾ ਸਮਰਥਨ ਕਰਦੇ ਹਨ, ਉਹ ਪਹਿਲਾਂ ਵੀ ਅਕਾਲੀ ਸਨ ਤੇ ਸਦਾ ਅਕਾਲੀ ਰਹਿਣਗੇ, 2027 ਵਿਚ ਅਕਾਲੀ ਦਲ ਦੀ ਸਰਕਾਰ ਦਾ ਬਣਨਾ ਤੈਅ ਹੈ। ਰਾਜਿੰਦਰਾ ਹਸਪਤਾਲ ਦੇ ਓ.ਪੀ.ਡੀ. ਵਿਭਾਗ ‘ਚ ਅੱਖਾਂ ਦੇ ਡਾਕਟਰ ਤੋਂ ਭਾਈ ਰਾਜੋਆਣਾ ਵੱਲੋਂ ਅੱਖਾਂ ਦਾ ਮੁਆਇਨਾ ਕਰਵਾਉਣ ਤੋਂ ਬਾਅਦ ਦੁਬਾਰਾ ਪੁਲਿਸ ਟੀਮ ਵੱਲੋਂ ਉਨ੍ਹਾਂ ਨੂੰ ਜੇਲ੍ਹ ‘ਚ ਭੇਜ ਦਿੱਤਾ ਗਿਆ। ਅੱਖਾਂ ਦੇ ਮੁਆਇਨੇ ਲਈ ਉਨ੍ਹਾਂ ਨੂੰ ਪੀ.ਜੀ.ਆਈ. ਵੀ ਲਿਜਾਇਆ ਜਾ ਚੁੱਕਾ ਹੈ, ਫਿਲਹਾਲ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਦੀਆਂ ਅੱਖਾਂ ਦੀ ਸਮੱਸਿਆ ਕਿੰਨੀ ਕੁ ਗੰਭੀਰ ਹੈ।
ਜੇਲ੍ਹ ‘ਚ ਸਜ਼ਾ ਭੁਗਤਦੇ ਨੂੰ 30 ਸਾਲ ਹੋਣ ਦੇ ਬਾਵਜੂਦ ਇਨਸਾਫ਼ ਨਹੀਂ ਮਿਲਿਆ : ਭਾਈ ਰਾਜੋਆਣਾ
