ਤਹਿਰਾਨ, 17 ਅਪ੍ਰੈਲ (ਪੰਜਾਬ ਮੇਲ)- ਇਰਾਨ ਨੇ ਇੱਕ ਵਾਰ ਫਿਰ ਸਖ਼ਤ ਰੁਖ਼ ਅਖਤਿਆਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਉਸ ਦੇ ਬੰਦਰਗਾਹਾਂ ‘ਤੇ ਨਾਕਾਬੰਦੀ ਜਾਰੀ ਰੱਖੀ, ਤਾਂ ਉਹ ਇਸ ਨੂੰ ਜੰਗਬੰਦੀ (ਸੀਜ਼ਫਾਇਰ) ਦੀ ਉਲੰਘਣਾ ਮੰਨੇਗਾ। ਰਾਇਟਰਜ਼ ਦੀ ਰਿਪੋਰਟ ਅਨੁਸਾਰ ਇੱਕ ਇਰਾਨੀ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀ ਸਥਿਤੀ ਵਿਚ ਇਰਾਨ ਕੋਲ ਹੋਰਮੁਜ਼ ਜਲ ਮਾਰਗ ਨੂੰ ਪੂਰੀ ਤਰ੍ਹਾਂ ਬੰਦ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਬਚੇਗਾ। ਇਰਾਨ ਨੇ ਕਿਹਾ ਹੈ ਕਿ ਜੇਕਰ ਉਸ ਦਾ ਵਪਾਰ ਰੋਕਿਆ ਗਿਆ, ਤਾਂ ਉਹ ਦੁਨੀਆਂ ਲਈ ਤੇਲ ਦੀ ਸਪਲਾਈ ਵਾਲਾ ਇਹ ਅਹਿਮ ਰਸਤਾ ਬੰਦ ਕਰ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਾਜ਼ਾ ਬਿਆਨ ਨੇ ਪੱਛਮੀ ਏਸ਼ੀਆ ਵਿਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਮੀਟਿੰਗ ਹਫਤੇ ਦੇ ਅੰਤ ਵਿਚ ਹੋ ਸਕਦੀ ਹੈ, ਜਿਸ ਨਾਲ ਇਸ ਸੰਘਰਸ਼ ਦੇ ਸ਼ਾਂਤ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਵ੍ਹਾਈਟ ਹਾਊਸ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ”ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਰਾਨ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ।” ਨੇਵਾਡਾ ਦੇ ਲਾਸ ਵੇਗਾਸ ਵਿਚ ਇੱਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਕਿ ਇਹ ਜੰਗ ਹੁਣ ਬਹੁਤ ਜਲਦ ਖਤਮ ਹੋਣੀ ਚਾਹੀਦੀ ਹੈ।
ਉੱਥੇ ਹੀ ਦਿ ਨਿਊਯਾਰਕ ਟਾਈਮਜ਼ ਅਤੇ ਵਾਲ ਸਟਰੀਟ ਜਰਨਲ ਦੀਆਂ ਰਿਪੋਰਟਾਂ ਮੁਤਾਬਕ ਅਮਰੀਕਾ ਨੇ ਇਰਾਨ ਦੇ ਸਾਹਮਣੇ ਤਜਵੀਜ਼ ਰੱਖੀ ਹੈ ਕਿ ਉਹ ਆਪਣੇ ਯੂਰੇਨੀਅਮ ਭੰਡਾਰ ਉੱਤੇ 20 ਸਾਲਾਂ ਲਈ ਰੋਕ ਲਗਾ ਦੇਵੇ। ਪਰ ਦੂਜੇ ਪਾਸੇ ਇਰਾਨ ਨੇ ਇਸ ਪ੍ਰਸਤਾਵ ‘ਤੇ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਇਸ ਪਾਬੰਦੀ ਨੂੰ ਸਿਰਫ਼ ਪੰਜ ਸਾਲਾਂ ਵਾਸਤੇ ਹੀ ਮੰਨਣ ਲਈ ਤਿਆਰ ਹੈ।
ਜ਼ਿਕਰਯੋਗ ਹੈ ਕਿ ਇਰਾਨ ਵਿਰੁੱਧ ਇਹ ਜੰਗ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨਾਲ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿਚ ਵੀ ਵੱਡਾ ਉਛਾਲ ਆਇਆ ਹੈ, ਜਿਸ ਨੇ ਅਮਰੀਕੀ ਰਾਸ਼ਟਰਪਤੀ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਜੇਕਰ ਅਮਰੀਕਾ ਦੀ ਨਾਕਾਬੰਦੀ ਨਾ ਹਟੀ ਤਾਂ ਹੋਰਮੁਜ਼ ਜਲ ਮਾਰਗ ਹੋਵੇਗਾ ਬੰਦ: ਇਰਾਨ

