#AMERICA

ਜ਼ਫ਼ਰਨਾਮਾ ਨਾਟਕ ਦੀ ਫਰਿਜ਼ਨੋ ਵਿਖੇ ਸਫ਼ਲ ਪੇਸ਼ਕਾਰੀ

ਫਰਿਜਨੋ, 15 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਪੰਜਾਬ ਲੋਕ ਰੰਗਮੰਚ ਵੱਲੋ ਨਾਟਕਕਾਰ ਸ. ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇਤਿਹਾਸਕ ਨਾਟਕ ‘ਜ਼ਫ਼ਰਨਾਮਾ’ ਫਰਿਜਨੋ ਦੇ ਸੈਂਟਰਲ ਹਾਈ ਸਕੂਲ ਦੇ ਆਡੋਟੋਰੀਅਮ ਵਿਖੇ ਦਰਸ਼ਕਾਂ ਦੇ ਖਚਾਖਚ ਭਰੇ ਹਾਲ ਅੰਦਰ ਖੇਡਿਆ ਗਿਆ। ਨਾਟਕ ਦੀ ਸ਼ੁਰੂਆਤ ਸ. ਤਾਰਾ ਸਿੰਘ ਬੱਲ ਨੇ ਅਰਦਾਸ ਕਰਨ ਉਪਰੰਤ ਕੀਤੀ।
ਇਸ ਮੌਕੇ ਉੱਘੇ ਟਰਾਸਪੋਰਟਰ ਸ. ਬਲਵਿੰਦਰ ਸਿੰਘ ਧਨੋਆ ਨੇ ਸਭਨਾਂ ਨੂੰ ਨਿੱਘੀ ਜੀ ਆਇਆਂ ਆਖੀ ਤੇ ਨਾਟਕ ਦੇ ਥੀਂਮ ‘ਤੇ ਪੰਛੀ ਝਾਤ ਪਵਾਈ ਅਤੇ ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ। ਅਖੀਰ ਪਰਦਾ ਹਟਿਆ ਤੇ ਸਿੱਖ ਇਤਿਹਾਸ ਦੇ ਪੱਤਰਿਆਂ ਨੂੰ ਫਰੋਲਦਾ ਇਹ ਨਾਟਕ ਦਰਸ਼ਕਾਂ ਨੂੰ ਇੱਕ ਵੱਖਰੇ ਵਿਸਮਾਦ ਵੱਲ ਲੈ ਗਿਆ। ਪਹਾੜੀ ਰਾਜਿਆਂ ਦੇ ਦੋਗਲੇ ਕਿਰਦਾਰ ਨੂੰ ਉਘੇੜਦਾ ਨਾਟਕ, ਅਨੰਦਪੁਰ ਸਹਿਬ ਦੇ ਕਿਲ੍ਹੇ ਤੋ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦਰਸਾਉਂਦਾ ਅੰਤ ਜ਼ਫ਼ਰਨਾਮੇ ‘ਤੇ ਜਾਕੇ ਅਟਕਿਆ। ਇਸ ਨਾਟਕ ਵਿਚ ਜੋ ਪੱਖ ਔਰੰਗਜ਼ੇਬ ਦਾ ਵਿਖਾਇਆ ਗਿਆ, ਉਹ ਵੀ ਵਿਲੱਖਣ ਸੀ। ਇਸ ਨਾਟਕ ਰਾਹੀਂ ਔਰੰਗਜ਼ੇਬ ਦੀ ਜ਼ਿੰਦਗੀ ਦੇ ਆਖ਼ਰੀ ਪਲਾਂ ਨੂੰ ਬੜੀ ਸ਼ਿੱਦਤ ਨਾਲ ਮੰਚ ‘ਤੇ ਵਿਖਾਇਆ ਗਿਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਦੁਬਾਰਾ ਚਿੱਠੀ ਨੁਮਾਂ ਜ਼ਫ਼ਰਨਾਮੇ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਮੇਰੇ ਰਾਜ ਵਿਚ ਦੋ ਛੋਟੇ ਬੱਚਿਆਂ ਨੂੰ ਨੀਹਾਂ ਵਿਚ ਖਿਲਾਰ ਕੇ ਜਿੰਦਾ ਚਿਣਕੇ ਸ਼ਹੀਦ ਕੀਤਾ ਗਿਆ, ਬੱਸ ਇਹੀ ਪਛਤਾਵਾ ਉਸਦੀ ਮੌਤ ਦਾ ਕਾਰਨ ਬਣਿਆ। ਸਕ੍ਰੀਨ ਪਲੇਅ ਦੇ ਨਾਲ-ਨਾਲ ਸਾਰੇ ਕਲਾਕਾਰਾਂ ਨੇ ਆਪੋ-ਆਪਣਾ ਰੋਲ ਬਾਖੂਬੀ ਨਿਭਾਇਆ। ਸ. ਸੁਰਿੰਦਰ ਸਿੰਘ ਧਨੋਆ ਦੁਬਾਰੇ ਨਿਭਾਏ ਔਰੰਗਜ਼ੇਬ ਦੇ ਕਿਰਦਾਰ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।
ਅਖੀਰ ਜੈਕਾਰਿਆਂ ਦੀ ਗੂੰਜ ਵਿਚ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ ਨੂੰ ਉਘੇੜਦਾ ਇਹ ਨਾਟਕ ਯਾਦਗਾਰੀ ਹੋ ਨਿੱਬੜਿਆ। ਇਸ ਨਾਟਕ ਨੂੰ ਕਾਮਯਾਬ ਬਣਾਉਣ ਦਾ ਸਿਹਰਾ ਜਿੱਥੇ ਸਮੂਹ ਦਰਸ਼ਕਾਂ ਸਿਰ ਜਾਂਦਾ ਹੈ, ਉਥੇ ਸਮੂਹ ਸਪਾਂਸਰ ਵੀਰਾਂ ਦੇ ਨਾਲ-ਨਾਲ ਸਮਾਜਸੇਵੀ ਕਿੱਟੀ ਗਿੱਲ ਅਤੇ ਗੁਰਦੁਆਰਾ ਨਾਨਕ ਪ੍ਰਕਾਸ਼ ਦੇ ਸਮੂਹ ਸੇਵਾਦਾਰਾਂ ਨੂੰ ਵੀ ਕਰੈਡਿਟ ਦੇਣਾ ਬਣਦਾ ਹੈ। ਅਖੀਰ ਗੁਰਦੁਆਰਾ ਨਾਨਕ ਪ੍ਰਕਾਸ਼ ਦੇ ਮੁੱਖ ਸੇਵਾਦਾਰ ਸ. ਜਤਿੰਦਰ ਸਿੰਘ ਨੇ ਇਸ ਨਾਟਕ ਦੇ ਸਫਲ ਮੰਚਨ ਲਈ ਨਾਟਕ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਆਸ ਲਗਾਈ ਕਿ ਪੰਜਾਬ ਰੰਗਮੰਚ ਦੀ ਟੀਮ ਅੱਗੇ ਤੋਂ ਵੀ ਇਹੋ ਜਿਹੇ ਨਾਟਕ ਲਿਆਉਂਦੀ ਰਹੇਗੀ ਤੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੀ ਰਹੇਗੀ। ਸ. ਬਲਵਿੰਦਰ ਸਿੰਘ ਧਨੋਆ ਨੇ ਕਿਹਾ ਕਿ ਸਾਡੀ ਟੀਮ ਦੀ ਅਗਲੀ ਪੇਸ਼ਕਾਰੀ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ‘ਤੇ ਆਧਾਰਿਤ ਹੋਵੇਗੀ।