#PUNJAB #SPORTS

ਜਰਖੜ ਖੇਡਾਂ ‘ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ

– ਗੁਰਜਤਿੰਦਰ ਰੰਧਾਵਾ, ਹਰਜੀਤ ਹਰਮਨ ਪੁਰੇਵਾਲ, ਸੁਰਿੰਦਰ ਕੌਰ, ਐੱਸ.ਐੱਸ. ਸੈਣੀ ਦਾ ਹੋਵੇਗਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ
– ਕੋਚ ਦੇਵੀ ਦਿਆਲ ਐਵਾਰਡ ਮਿਲੇਗਾ ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਖਡੂਰ ਨੂੰ
ਲੁਧਿਆਣਾ, 7 ਫਰਵਰੀ (ਪੰਜਾਬ ਮੇਲ)- 36ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 10 ਅਤੇ 11 ਫਰਵਰੀ ਨੂੰ 6 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਹੋ ਰਹੀਆਂ ਹਨ। ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਖੇਡਾਂ ਅਤੇ ਸਿੱਖਿਆ ਜਗਤ ਦੀਆਂ ਪੰਜ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।
ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਮਨਮੋਹਨ ਗਰੇਵਾਲ ਮੋਹਣਾ ਜੋਧਾ ਸਿਆਟਲ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ। ਖੇਡਾਂ ਦੇ ਫਾਈਨਲ ਸਮਾਰੋਹ ‘ਤੇ 11 ਫਰਵਰੀ ਨੂੰ ਜਿੱਥੇ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਮੁੱਖ ਕੇਂਦਰ ਹੋਣਗੇ, ਉੱਥੇ ਉੱਘੇ ਲੋਕ ਗਾਇਕ ਹਰਜੀਤ ਹਰਮਨ ਦਾ ਖੁੱਲ੍ਹਾ ਅਖਾੜਾ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਸ ਮੌਕੇ ‘ਤੇ ਉੱਘੀਆਂ 6 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਜਿਸ ਵਿਚ ਮਰਹੂਮ ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਕੋਚ ਦੇਵੀ ਦਿਆਲ ਦੀ ਯਾਦ ਵਿਚ ਰੱਖਿਆ ਅਵਾਰਡ ਕਬੱਡੀ ਦੇ ਸਾਬਕਾ ਸਟਾਰ ਖਿਡਾਰੀ ਮਨਜੀਤ ਸਿੰਘ ਮੋਹਲਾ ਖਡੂਰ ਨੂੰ ਦਿੱਤਾ ਜਾਵੇਗਾ। ਜਿਸ ਵਿਚ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਦੇਵੀ ਦਿਆਲ ਐਵਾਰਡ ਹੋਵੇਗਾ, ਜਦਕਿ ਸਿੱਖਿਆ ਦੇ ਖੇਤਰ ਦਾ ਐਵਾਰਡ ‘ਪੰਜਾਬ ਦੀਆਂ ਧੀਆਂ ਦਾ ਮਾਣ’ ਐਵਾਰਡ ਜਰਖੜ ਸਕੂਲ ਦੀ ਹੈੱਡ ਮਾਸਟਰ ਬੀਬੀ ਸੁਰਿੰਦਰ ਕੌਰ ਨੂੰ ਦਿੱਤਾ ਜਾਵੇਗਾ। ਖੇਡ ਪ੍ਰਮੋਟਰ ਅਮਰਜੀਤ ਗਰੇਵਾਲ ਐਵਾਰਡ ਖੇਡਾਂ ਦੇ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਉੱਘੇ ਖੇਡ ਪ੍ਰਮੋਟਰ ਗੁਰਜੀਤ ਸਿੰਘ ਹਕੀਮਪੁਰ ਨੂੰ ਦਿੱਤਾ ਜਾਵੇਗਾ। ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਐਵਾਰਡ ਰੋਪੜ ਹਾਕਸ ਹਾਕੀ ਦੇ ਪਿਤਾਮਾ ਐੱਸ.ਐੱਸ. ਸੈਣੀ ਸਾਹਿਬ ਨੂੰ ਦਿੱਤਾ ਜਾਵੇਗਾ। ਜਦਕਿ ‘ਪੱਤਰਕਾਰੀ ਦਾ ਮਾਣ ਐਵਾਰਡ’ ਪੰਜਾਬ ਮੇਲ ਯੂ.ਐੱਸ.ਏ. ਦੇ ਮੁੱਖ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਦਿੱਤਾ ਜਾਵੇਗਾ। ਪੰਜਾਬੀ ਸੱਭਿਆਚਾਰ ਦਾ ਮਾਣ ਅਵਾਰਡ ਉੱਘੇ ਲੋਕ ਗਾਇਕ ਹਰਜੀਤ ਹਰਮਨ ਨੂੰ ਦਿੱਤਾ ਜਾਵੇਗਾ।
ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਵਿਚ ਹਾਕੀ ਮੁੰਡੇ-ਕੁੜੀਆਂ ਹਾਕੀ ਅੰਡਰ 15 ਸਾਲ ਮੁੰਡੇ, ਪ੍ਰਾਇਮਰੀ ਸਕੂਲਾਂ ਦੇ ਕਬੱਡੀ ਮੁਕਾਬਲੇ, ਹਾਈ ਸਕੂਲਾਂ ਦੇ ਰੱਸਾਕਸੀ ਅਤੇ ਪਬਲਿਕ ਸਕੂਲਾਂ ਦੀਆਂ ਖੇਡਾਂ ਤੋਂ ਇਲਾਵਾ ਕਬੱਡੀ ਓਪਨ ਕੱਪ ਨਾਇਬ ਸਿੰਘ ਗਰੇਵਾਲ ਜੋਧਾ ਦੀ ਯਾਦ ਨੂੰ ਸਮਰਪਿਤ ਹੋਵੇਗਾ, ਜਦਕਿ ਕੁਸ਼ਤੀ ਮੁਕਾਬਲੇ ਬਚਨ ਸਿੰਘ ਮੰਡੌਰ ਅਤੇ ਵਾਲੀਬਾਲ ਮੁਕਾਬਲੇ ਅਮਰਜੀਤ ਸਿੰਘ ਗਰੇਵਾਲ ਦੀ ਯਾਦ ਵਿਚ ਕਰਵਾਏ ਜਾਣਗੇ।