#PUNJAB

ਚੰਡੀਗੜ੍ਹ ਮੇਅਰ ਚੋਣ ਦਾ ਮਾਮਲਾ ਪਹੁੰਚਿਆ High Court

-ਕਾਂਗਰਸੀ ਉਮੀਦਵਾਰ ਜਸਬੀਰ ਬੰਟੀ ਨੂੰ ਬੰਧਕ ਬਣਾਉਣ ਦੇ ਮਾਮਲੇ ‘ਚ ਦੇਰ ਰਾਤ ਹੋਈ ਸੁਣਵਾਈ
ਚੰਡੀਗੜ੍ਹ, 17 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਤਾਪਮਾਨ ਗਰਮ ਹੋ ਗਿਆ ਹੈ। ਕਾਂਗਰਸ ਦੇ ਮੇਅਰ ਉਮੀਦਵਾਰ ਜਸਬੀਰ ਸਿੰਘ ਬੰਟੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬੰਧਕ ਬਣਾਉਣ ਦੇ ਮਾਮਲੇ ‘ਚ ਹਾਈ ਕੋਰਟ ਵਿਚ ਅੱਧੀ ਰਾਤ ਨੂੰ ਸੁਣਵਾਈ ਹੋਈ।
ਹਾਈ ਕੋਰਟ ਨੇ ਚੰਡੀਗੜ੍ਹ ਦੇ ਸਰਕਾਰੀ ਵਕੀਲ ਨੂੰ ਸ਼ਾਮ 5 ਵਜੇ ਤੱਕ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕੌਂਸਲਰ ਜਸਬੀਰ ਸਿੰਘ ਨੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ। ‘ਆਪ’ ਨਾਲ ਗਠਜੋੜ ਕਰਕੇ ਉਨ੍ਹਾਂ ਆਪਣਾ ਨਾਂ ਵਾਪਸ ਲੈ ਲਿਆ ਸੀ।
ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਪੁਲਿਸ ਵੱਲੋਂ ਜਸਬੀਰ ਸਿੰਘ ਨੂੰ ਹੋਟਲ ਵਿਚ ਨਾਜਾਇਜ਼ ਬੰਧਕ ਬਣਾ ਕੇ ਰੱਖਿਆ ਜਾ ਰਿਹਾ ਹੈ ਅਤੇ ਉਸ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। ਸੀਨੀਅਰ ਕਾਂਗਰਸੀ ਆਗੂ ਹਰਮੋਹਿੰਦਰ ਸਿੰਘ ਨੇ ਪੁਲਿਸ ਵੱਲੋਂ ਜਸਬੀਰ ਸਿੰਘ ਦੀ ਗੈਰ-ਕਾਨੂੰਨੀ ਹਿਰਾਸਤ ਨੂੰ ਲੈ ਕੇ ਹਾਈਕੋਰਟ ਵਿਚ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ।
ਜਸਟਿਸ ਅਲੋਕ ਜੈਨ ਨੇ ਰਾਤ 1 ਵਜੇ ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਚੰਡੀਗੜ੍ਹ ਦੇ ਸਰਕਾਰੀ ਵਕੀਲ ਨੂੰ ਮਾਮਲੇ ਦੀ ਜਾਂਚ ਕਰਕੇ ਸ਼ਾਮ 5 ਵਜੇ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ, ਤਾਂ ਨਿਰਧਾਰਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
ਜਦੋਂਕਿ ਕਾਂਗਰਸੀ ਵਰਕਰ ਰਾਤ ਭਰ ਜਸਬੀਰ ਸਿੰਘ ਬੰਟੀ ਦੇ ਘਰ ਦੇ ਬਾਹਰ ਖੜ੍ਹੇ ਰਹੇ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਬੰਟੀ ਦੇ ਘਰ ਅੰਦਰ ਨਹੀਂ ਜਾਣ ਦਿੱਤਾ। ਚੰਡੀਗੜ੍ਹ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮਨੋਜ ਲੁਬਾਣਾ ਤੇ ਹੋਰ ਵਰਕਰਾਂ ਨੇ ਉਥੇ ਡੇਰੇ ਲਾ ਕੇ ਰਾਤ ਕੱਟੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ।