#OTHERS

ਚੀਨ ਵੱਲੋਂ ਦੁਨੀਆਂ ਦਾ ਪਹਿਲਾ 10ਜੀ ਨੈੱਟਵਰਕ ਲਾਂਚ

ਬੀਜਿੰਗ, 2 ਮਈ (ਪੰਜਾਬ ਮੇਲ)- ਚੀਨ ਦੀ ਤਕਨਾਲੋਜੀ ਦਿੱਗਜ਼ ਕੰਪਨੀ ਹੁਆਵੇਈ ਅਤੇ ਟੈਲੀਕਾਮ ਆਪ੍ਰੇਟਰ ਚਾਈਨਾ ਯੂਨੀਕਾਮ ਨੇ ਸਾਂਝੇ ਤੌਰ ‘ਤੇ ਬੀਜਿੰਗ ਨੇੜੇ ਹੇਬੇਈ ਸੂਬੇ ਦੇ ਸੁਨਾਨ ਕਾਉਂਟੀ ਵਿਚ ਇਕ ’10ਜੀ’ ਬ੍ਰਾਡਬੈਂਡ ਨੈੱਟਵਰਕ ਲਾਂਚ ਕੀਤਾ ਹੈ। ਇਹ ਨੈੱਟਵਰਕ 9,834 ਐੱਮ.ਬੀ.ਪੀ.ਐੱਸ. ਤੱਕ ਦੀ ਡਾਊਨਲੋਡ ਸਪੀਡ, 1,008 ਐੱਮ.ਬੀ.ਪੀ.ਐੱਸ. ਤੱਕ ਦੀ ਅਪਲੋਡ ਸਪੀਡ ਅਤੇ ਸਿਰਫ਼ 3 ਮਿਲੀਸਕਿੰਟ ਦੀ ਲੇਟੈਂਸੀ ਪ੍ਰਦਾਨ ਕਰਨ ਦੇ ਸਮਰੱਥ ਹੈ। ਇਹ ਉਪਲਬਧੀ 50ਜੀ ਪੈਸਿਵ ਆਪਟੀਕਲ ਨੈੱਟਵਰਕ (ਪੀ.ਓ.ਐੱਨ.) ਤਕਨਾਲੋਜੀ ਦੀ ਮਦਦ ਨਾਲ ਪ੍ਰਾਪਤ ਕੀਤੀ ਗਈ ਹੈ, ਜਿਸ ਨੂੰ ਹੁਆਵੇਈ ਅਤੇ ਚਾਈਨਾ ਯੂਨੀਕਾਮ ਵਿਚਕਾਰ ਸਾਂਝੇਦਾਰੀ ਵਿਚ ਵਿਕਸਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ 10ਜੀ ਕੋਈ ਨਵਾਂ ਤਕਨੀਕੀ ਮਿਆਰ ਨਹੀਂ ਹੈ, ਸਗੋਂ ਇਸ ਨੂੰ 10 ਜੀ.ਬੀ.ਪੀ.ਐੱਸ. ਤੱਕ ਦੀ ਬਹੁਤ ਤੇਜ਼ ਡਾਊਨਲੋਡ ਸਪੀਡ ਲਈ ਇਹ ਨਾਮ ਦਿੱਤਾ ਗਿਆ ਹੈ। ਇਹ ਦੁਨੀਆਂ ਦਾ ਪਹਿਲਾ ਵਪਾਰਕ ਬਰਾਡਬੈਂਡ ਨੈੱਟਵਰਕ ਹੈ, ਜੋ 10 ਜੀ.ਬੀ.ਪੀ.ਐੱਸ. ਦੀ ਸਪੀਡ ਪ੍ਰਦਾਨ ਕਰਦਾ ਹੈ। ਉਦਾਹਰਨ ਲਈ ਇਕ ਪੂਰੀ-ਲੰਬਾਈ ਵਾਲੀ 4ਕੇ ਫਿਲਮ (ਲਗਭਗ 20 ਜੀਬੀ ਆਕਾਰ) ਨੂੰ 1 ਜੀ.ਬੀ.ਪੀ.ਐੱਸ. ਕੁਨੈਕਸ਼ਨ ‘ਤੇ ਡਾਊਨਲੋਡ ਕਰਨ ਲਈ ਆਮ ਤੌਰ ‘ਤੇ 7 ਤੋਂ 10 ਮਿੰਟ ਲੱਗਦੇ ਹਨ। ਪਰ ਹੁਣ ਨਵੇਂ 10ਜੀ ਬ੍ਰਾਡਬੈਂਡ ਨੈੱਟਵਰਕ ਦੀ ਮਦਦ ਨਾਲ ਉਹੀ 4ਕੇ ਫਿਲਮ 20 ਸਕਿੰਟਾਂ ਤੋਂ ਵੀ ਘੱਟ ਸਮੇਂ ਵਿਚ ਡਾਊਨਲੋਡ ਕੀਤੀ ਜਾ ਸਕਦੀ ਹੈ।
ਇਹ ਨੈੱਟਵਰਕ ਸਿਰਫ਼ ਤੇਜ਼ ਡਾਊਨਲੋਡ ਜਾਂ ਨਿਰਵਿਘਨ 8ਕੇ ਵੀਡੀਓ ਸਟ੍ਰੀਮਿੰਗ ਬਾਰੇ ਨਹੀਂ ਹੈ। ਇਹ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਵੀ ਬਣਾਇਆ ਗਿਆ ਹੈ-ਇਕ ਅਜਿਹਾ ਭਵਿੱਖ ਜਿੱਥੇ ਵਰਚੁਅਲ ਰਿਐਲਿਟੀ (ਵੀ.ਆਰ.), ਔਗਮੈਂਟੇਡ ਰਿਐਲਿਟੀ (ਏ.ਆਰ.), ਕਲਾਊਡ ਗੇਮਿੰਗ, ਸਮਾਰਟ ਸਿਟੀਜ਼ ਅਤੇ ਇਥੋਂ ਤੱਕ ਕਿ ਸਵੈ-ਡਰਾਈਵਿੰਗ ਕਾਰਾਂ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਮਜ਼ਬੂਤ, ਘੱਟ-ਲੇਟੈਂਸੀ ਕੁਨੈਕਸ਼ਨਾਂ ਦੀ ਲੋੜ ਹੋਵੇਗੀ।

ਇਹ ਦੋਵੇਂ ਕੰਪਨੀਆਂ ਚੀਨ ਵਿਚ ਲਿਆਈਆਂ 10ਜੀ
ਹੁਆਵੇਈ ਦੀ ਸਥਾਪਨਾ 1987 ਵਿਚ ਹੋਈ ਸੀ ਅਤੇ ਇਸਦਾ ਮੁੱਖ ਦਫਤਰ ਸ਼ੇਨਜ਼ੇਨ ਵਿਚ ਹੈ। ਇਸ ਕੰਪਨੀ ਨੂੰ ਦੂਰਸੰਚਾਰ ਉਪਕਰਨਾਂ ਅਤੇ ਨੈੱਟਵਰਕ ਸਮਾਧਾਨਾਂ ਦੇ ਖੇਤਰ ਵਿਚ ਇਕ ਵਿਸ਼ਵਵਿਆਪੀ ਨੇਤਾ ਮੰਨਿਆ ਜਾਂਦਾ ਹੈ। ਹੁਆਵੇਈ ਨੇ ਆਪਟੀਕਲ ਬ੍ਰਾਡਬੈਂਡ ਅਤੇ 5ਜੀ ਤਕਨਾਲੋਜੀਆਂ ਨੂੰ ਅੱਗੇ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੂਜੇ ਪਾਸੇ ਚਾਈਨਾ ਯੂਨੀਕਾਮ ਚੀਨ ਦੀਆਂ ਤਿੰਨ ਪ੍ਰਮੁੱਖ ਸਰਕਾਰੀ ਮਾਲਕੀ ਵਾਲੀਆਂ ਦੂਰਸੰਚਾਰ ਕੰਪਨੀਆਂ ਵਿਚੋਂ ਇਕ ਹੈ, ਜੋ ਦੇਸ਼ ਭਰ ਵਿਚ ਬ੍ਰਾਡਬੈਂਡ, ਮੋਬਾਈਲ ਅਤੇ ਐਂਟਰਪ੍ਰਾਈਜ਼ ਸੇਵਾਵਾਂ ਪ੍ਰਦਾਨ ਕਰਦੀ ਹੈ।