#AMERICA

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਬਾਇਡਨ ਵਿਚਾਲੇ ਸਾਨ ਫਰਾਂਸਿਸਕੋ ’ਚ ਅਹਿਮ ਬੈਠਕ

ਵਾਸ਼ਿੰਗਟਨ, 14 ਨਵੰਬਰ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾ ਦੀ ਮੇਜ਼ਬਾਨੀ ਹੇਠ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਸ਼ਹਿਰ ਵਿਚ 11 ਨਵੰਬਰ ਤੋਂ ਏ.ਪੀ.ਈ.ਸੀ. (ਏਸ਼ੀਆ- ਪ੍ਰਸ਼ਾਤ ਆਰਥਿਕ ਸਹਿਯੋਗ) ਸੰਮੇਲਨ ਸ਼ੁਰੂ ਹੋ ਗਿਆ ਹੈ, ਜੋ 17 ਨਵੰਬਰ ਤੱਕ ਚੱਲੇਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਬੁੱਧਵਾਰ 15 ਨਵੰਬਰ ਨੂੰ ਵਿਸ਼ੇਸ਼ ਮੁਲਾਕਾਤ ਹੋਵੇਗੀ, ਜੋ ਦੋਨਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਦਾ ਸੰਕੇਤ ਹੈ। ਇਕ ਸਾਲ ਪਹਿਲਾਂ ਇੰਡੋਨੇਸ਼ੀਆ ’ਚ ਦੋਹਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਵਿਚਾਲੇ ਬੈਠਕ ਹੋਈ ਸੀ ਅਤੇ ਇਨ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਫਿਰ ਤੋਂ ਬੈਠਕ ਹੋਵੇਗੀ। ਪਿਛਲੇ ਕਾਫੀ ਸਮੇਂ ਤੋਂ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ, ਇਸ ਲਈ ਦੋਹਾਂ ਨੇਤਾਵਾਂ ਦੀ ਮੁਲਾਕਾਤ ’ਤੇ ਦੁਨੀਆਂ ਦੀ ਨਜ਼ਰ ਹੋਵੇਗੀ। ਦੋਹਾਂ ਦੇਸ਼ਾਂ ਦੇ ਨੇਤਾਵਾਂ ਦੇ ਦੌਰੇ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ’ਚ ਸੁਧਾਰ ਦੇ ਸੰਕੇਤ ਵੀ ਮਿਲ ਰਹੇ ਹਨ। ਚੀਨ ਅਤੇ ਅਮਰੀਕਾ ਵਿਚਾਲੇ ਹੋਣ ਵਾਲੀ ਇਸ ਬੈਠਕ ’ਚ ਨਿੱਜੀ ਹਿੱਤਾਂ ਅਤੇ ਭੂ-ਰਾਜਨੀਤਿਕ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਹਾਲ ਹੀ ਵਿਚ ਅਮਰੀਕੀ ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ (ਬੀ.ਆਈ.ਐੱਸ.) ਨੇ ਇੱਕ ਅੰਤਰਿਮ ਨਿਯਮ ਜਾਰੀ ਕੀਤਾ ਹੈ, ਜਿਸ ਦਾ ਉਦੇਸ਼ ਅਡਵਾਂਸਡ ਕੰਪਿਊਟਿੰਗ, ਸੈਮੀਕੰਡਕਟਰ ਚਿਪਸ, ਸੁਪਰਕੰਪਿਊਟਿੰਗ ਅਤੇ ਸੈਮੀਕੰਡਕਟਰ ਸਮਰਥਾਵਾਂ ਵਰਗੀਆਂ ਸੰਵੇਦਨਸ਼ੀਲ ਤਕਨਾਲੋਜੀਆਂ ਦੇ ਚੀਨ ਨੂੰ ਨਿਰਯਾਤ ’ਤੇ ਪਾਬੰਦੀ ਲਗਾਉਣਾ ਹੈ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਇਹ ਨਿਯਮ 16 ਨਵੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਮਾਮਲੇ ’ਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਗੱਲਬਾਤ ਵੀ ਹੋ ਸਕਦੀ ਹੈ। ਅਮਰੀਕਾ ਨੇ ਹਾਲ ਹੀ ਵਿਚ ਸੈਮੀਕੰਡਕਟਰ ਚਿਪਸ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਚੀਨ ਨੂੰ ਇਕ ਹੋਰ ਝਟਕਾ ਦਿੱਤਾ ਹੈ। ਸੰਯੁਕਤ ਰਾਜ ਅਮਰੀਕਾ ਨੇ ਚੀਨ ਨੂੰ ਬੈਕਟੀਰੀਆ ਲਈ ਇੱਕ ਪ੍ਰਮੁੱਖ ਖਣਿਜ, ਗ੍ਰੈਫਾਈਟ ਦੇ ਨਿਰਯਾਤ ’ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਹ ਖਣਿਜ ਫੋਨ ਤੋਂ ਲੈ ਕੇ ਇਲੈਕਟਿ੍ਰਕ ਵਾਹਨਾਂ ਤੱਕ ਹਰ ਚੀਜ਼ ਨੂੰ ਪਾਵਰ ਦੇਣ ਵਿਚ ਉਪਯੋਗੀ ਹੈ। ਇਹ ਪਾਬੰਦੀ 1 ਦਸੰਬਰ-2023 ਤੋਂ ਲਾਗੂ ਹੋਵੇਗੀ। ਬਾਇਡਨ ਅਤੇ ਜਿਨਪਿੰਗ ਦੀ ਮੀਟਿੰਗ ਵਿਚਾਲੇ ਇਜ਼ਰਾਈਲ-ਫਲਸਤੀਨ ਯੁੱਧ ’ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।