#AMERICA

ਚਾਰ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਪੰਜਾਬੀ ਨੂੰ ਅਮਰੀਕਾ ‘ਚ ਮੌਤ ਦੀ ਸਜ਼ਾ

ਫਰਿਜ਼ਨੋ, 15 ਮਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ ਵਿਚ ਦੋਸ਼ੀ ਪਾਏ ਗਏ, ਗੁਰਪ੍ਰੀਤ ਸਿੰਘ (41) ਨੂੰ ਤਿੰਨ ਜੱਜਾਂ ਦੇ ਪੈਨਲ ਨੇ ਮੌਤ ਦੀ ਸਜ਼ਾ ਸੁਣਾਈ ਹੈ। 2019 ਵਿਚ ਓਹਾਇਓ ਸਟੇਟ ਦੇ ਸ਼ਹਿਰ ਵਿੱਸਚ ਚਿਸਟਰ ਵਿਚ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਉਸਦੀ ਪਤਨੀ ਸ਼ਲਿੰਦਰ ਕੌਰ, ਸੌਹਰਾ ਹਕੀਕਤ ਸਿੰਘ ਪਨਾਗ, ਸੱਸ ਪ੍ਰਮਜੀਤ ਕੌਰ ਪਨਾਗ, ਪਤਨੀ ਦੀ ਮਾਸੀ ਅਮਰਜੀਤ ਕੌਰ ਨੂੰ ਆਪਣੇ ਅਪਾਰਟਮੈਂਟ ਵਿਚ ਗੋਲੀਆਂ ਮਾਰਕੇ ਮਾਰ ਮੁਕਾਉਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਵਕੀਲ ਮਾਈਕ ਗਮੋਸਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦਾ ਕਿਸੇ ਹੋਰ ਜਨਾਨੀ ਨਾਲ ਇੰਡੀਅਨਐਪਲਸ ਵਿਚ ਅਫੇਅਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਘਰ ਵਿਚ ਲੜਾਈ-ਝਗੜਾ ਚੱਲ ਰਿਹਾ ਸੀ।
ਗੁਰਪ੍ਰੀਤ ਨੇ ਇੱਕ ਸਾਜ਼ਿਸ਼ ਦੇ ਅਧੀਨ ਆਪਣੇ ਰਸਤੇ ਦੇ ਕੰਡੇ ਸਾਫ ਕਰਨ ਲਈ ਇਸ ਸੰਗੀਨ ਜ਼ੁਰਮ ਨੂੰ ਅੰਜ਼ਾਮ ਦਿੱਤਾ। ਇਸ ਪੂਰੇ ਟ੍ਰਾਇਲ ਦੌਰਾਨ ਗੁਰਪ੍ਰੀਤ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਰਿਹਾ ਹੈ, ਪਰ ਸਾਰੇ ਸਬੂਤ ਇਹ ਦੱਸਦੇ ਹਨ ਕਿ ਗੁਰਪ੍ਰੀਤ ਸਿੰਘ ਕਤਲ ਦੀ ਵਾਰਦਾਤ ਮੌਕੇ ਆਪਣੇ ਅਪਾਰਟਮੈਂਟ ‘ਚ ਵਾਰਦਾਤ ਵਾਲੀ ਜਗ੍ਹਾ ‘ਤੇ ਮੌਜੂਦ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਅਗਰ ਦੋਸ਼ੀ ਆਪਣਾ ਜ਼ੁਰਮ ਕਬੂਲ ਕਰ ਲੈਂਦਾ, ਤਾਂ ਉਸਨੂੰ ਉਮਰ ਕੈਦ ਹੋਣੀ ਸੀ, ਪਰ ਹੁਣ ਸਬੂਤਾਂ ਕਰਕੇ ਉਸਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ ਅਤੇ ਇਸਦੀ ਸਜ਼ਾ ਮੌਤ ਹੀ ਬਣਦੀ ਹੈ। ਇਸ ਮੌਕੇ ਓਹਾਇਓ ਸਟੇਟ ਵਿਚ 121 ਦੋਸ਼ੀ ਲੀਥਲ ਇੰਜੈਕਸ਼ਨ ਨਾਲ ਮਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ, ਗੁਰਪ੍ਰੀਤ ਸਿੰਘ ਡੈੱਥ ਰੋਅ ਵਿਚ ਸਜ਼ਾ ਪਾਉਣ ਵਾਲਾ ਅਗਲਾ ਵਿਅਕਤੀ ਲਾਇਨ ਵਿਚ ਲੱਗ ਗਿਆ ਹੈ।