#AMERICA

ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ Texas ਨੂੰ ਮਿਲਿਆ 25 ਸੂਬਿਆਂ ਦਾ ਸਮਰਥਨ

-ਮੈਕਸੀਕੋ ਸਰਹੱਦ ‘ਤੇ ਕੰਟਰੋਲ ਨੂੰ ਲੈ ਕੇ ਟੈਕਸਾਸ ਤੇ ਬਾਇਡਨ ਸਰਕਾਰ ਵਿਚਾਲੇ ਲੜਾਈ ਹੋਈ ਤੇਜ਼
ਨਿਊਯਾਰਕ, 29 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸੂਬੇ ਟੈਕਸਾਸ ਨੇ ਖੁੱਲ੍ਹੀਆਂ ਸਰਹੱਦਾਂ ਦੇ ਮੁੱਦੇ ‘ਤੇ ਬਾਇਡਨ ਸਰਕਾਰ ਵਿਰੁੱਧ ਹੁਣ ਮੋਰਚਾ ਖੋਲ੍ਹ ਦਿੱਤਾ ਹੈ। ਮੈਕਸੀਕੋ ਸਰਹੱਦ ‘ਤੇ ਕੰਟਰੋਲ ਨੂੰ ਲੈ ਕੇ ਟੈਕਸਾਸ ਅਤੇ ਬਾਇਡਨ ਸਰਕਾਰ ਵਿਚਾਲੇ ਲੜਾਈ ਹੁਣ ਤੇਜ਼ ਹੋ ਗਈ ਹੈ। ਟੈਕਸਾਸ ਦੇ ਗਵਰਨਰ ਨੇ ਇਹ ਐਲਾਨ ਕੀਤਾ ਹੈ ਕਿ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ ਹੋਰ ਕੰਡਿਆਲੀ ਤਾਰ ਬੰਨ੍ਹਣ ਦੇ ਆਦੇਸ਼ ਦੇ ਕੇ ਬਾਇਡਨ ਪ੍ਰਸ਼ਾਸਨ ਅਤੇ ਯੂ.ਐੱਸ. ਸੁਪਰੀਮ ਕੋਰਟ ਦੀ ਉਲੰਘਣਾ ਕਰਨਗੇ।
ਅਮਰੀਕਾ ਦੇ ਲਗਭਗ ਸਾਰੇ ਰਿਪਬਲਿਕਨ ਰਾਜਾਂ ਦੇ ਗਵਰਨਰ ਟੈਕਸਾਸ ਦੇ ਗਵਰਨਰ ਦਾ ਸਮਰਥਨ ਕਰ ਰਹੇ ਹਨ। ਵੱਧਦੇ ਪ੍ਰਵਾਸੀ ਅਮਰੀਕਾ ਲਈ ਚੁਣੌਤੀ ਬਣ ਗਏ ਹਨ। ਅਮਰੀਕਾ ‘ਚ ਵੱਡੀ ਗਿਣਤੀ ‘ਚ ਗੈਰ-ਕਾਨੂੰਨੀ ਸ਼ਰਨਾਰਥੀ (ਪ੍ਰਵਾਸੀ) ਆਉਂਦੇ ਰਹਿੰਦੇ ਹਨ। ਟੈਕਸਾਸ ਨੇ ਆਪਣੇ ਬਾਰਡਰ ਕ੍ਰਾਸਿੰਗ ਨੂੰ ਗੈਰ-ਕਾਨੂੰਨੀ ਬਣਾਉਣ ਅਤੇ ਇਸ ਨੂੰ ਜੇਲ੍ਹ ਦੀਆਂ ਸਜ਼ਾਵਾਂ ਦੁਆਰਾ ਸਜ਼ਾਯੋਗ ਬਣਾਉਣ ਵਾਲਾ ਕਾਨੂੰਨ ਪਾਸ ਕੀਤਾ ਹੈ। ਇਸ ਦੇ ਨਾਲ ਹੀ ਬਾਰਡਰ ‘ਤੇ ਕੰਡਿਆਲੀ ਤਾਰ ਬੰਨ੍ਹਣ ਦੇ ਹੁਕਮ ਦਿੱਤੇ ਹਨ ਪਰ ਅਮਰੀਕੀ ਸੁਪਰੀਮ ਕੋਰਟ ਨੇ ਇਸ ‘ਤੇ ਪਾਬੰਦੀ ਲਗਾ ਦਿੱਤੀ ਅਤੇ ਇਸ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਨੇ ਤਰਕ ਦਿੱਤਾ ਕਿ ਕੰਡਿਆਲੀ ਤਾਰ ਗਸ਼ਤ ‘ਚ ਰੁਕਾਵਟ ਪਵੇਗੀ ਅਤੇ ਪ੍ਰਵਾਸੀਆਂ ਦੀਆਂ ਜਾਨਾਂ ਨੂੰ ਵੀ ਖ਼ਤਰੇ ‘ਚ ਪਾਵੇਗੀ।
ਜ਼ਿਕਰਯੋਗ ਹੈ ਕਿ ਅਮਰੀਕਾ ‘ਚ ਇਮੀਗ੍ਰੇਸ਼ਨ ਦਾ ਮੁੱਦਾ ਸੰਘੀ ਸਰਕਾਰ ਦੇ ਅਧੀਨ ਆਉਂਦਾ ਹੈ। ਟੈਕਸਾਸ ਬਾਰੇ ਕਿਹਾ ਗਿਆ ਹੈ ਕਿ ਸੰਘੀ ਅਦਾਲਤ ਦਾ ਫੈਸਲਾ ਹੁਣ ਪ੍ਰਵਾਸੀ ਨਾਗਰਿਕਾਂ ਦੇ ਮਾਮਲੇ ‘ਚ ਲਾਗੂ ਨਹੀਂ ਹੋਵੇਗਾ। ਟੈਕਸਾਸ ਰਾਜ ਨੇ ਬਾਇਡਨ ਪ੍ਰਸ਼ਾਸਨ ਦੇ ਫੈਸਲੇ ਖਿਲਾਫ ਆਪਣੇ ਪੱਧਰ ‘ਤੇ ਸੂਬੇ ਦੀ ਸਰਹੱਦ ਦੀ ਸੁਰੱਖਿਆ ਕਰਨ ਦਾ ਫੈਸਲਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ‘ਚ ਟੈਕਸਾਸ ਸੂਬੇ ਨੂੰ ਅਮਰੀਕਾ ਦੇ 25 ਹੋਰ ਸੂਬਿਆਂ ਦਾ ਸਮਰਥਨ ਮਿਲ ਰਿਹਾ ਹੈ। ਲਗਭਗ ਸਾਰੇ ਅਮਰੀਕੀ ਰਿਪਬਲਿਕਨ ਗਵਰਨਰਾਂ ਨੇ ਸਰਹੱਦੀ ਕੰਟਰੋਲ ਨੂੰ ਲੈ ਕੇ ਸੰਘੀ ਸਰਕਾਰ ਵਿਰੁੱਧ ਲੜਾਈ ‘ਚ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਦਾ ਸਮਰਥਨ ਕਰਨ ਵਾਲੇ ਇਕ ਬਿਆਨ ‘ਤੇ ਦਸਤਖਤ ਵੀ ਕੀਤੇ ਹਨ।
ਰਿਪਬਲਿਕਨ ਪਾਰਟੀ ਦੇ ਗਵਰਨਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ‘ਤੇ ਵੀਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ‘ਚ ਬਾਇਡਨ ਪ੍ਰਸ਼ਾਸਨ ਦੀ ਆਲੋਚਨਾ ਵੀ ਕੀਤੀ ਗਈ ਅਤੇ ਕਿਹਾ ਗਿਆ ਕਿ ਟੈਕਸਾਸ ਨੂੰ ਆਪਣਾ ਬਚਾਅ ਕਰਨ ਦਾ ਸੰਵਿਧਾਨਕ ਅਧਿਕਾਰ ਹੈ। ਇਸ ਹਫਤੇ ਰੀਓ ਗ੍ਰਾਂਡੇ ਦੇ ਕੰਢੇ ‘ਤੇ ਲਗਾਈ ਗਈ ਕੰਡਿਆਲੀ ਤਾਰ ਨੂੰ ਲੈ ਕੇ ਟੈਕਸਾਸ ਦੇ ਅਧਿਕਾਰੀਆਂ ਅਤੇ ਹੋਮਲੈਂਡ ਸਕਿਓਰਿਟੀ ਵਿਭਾਗ ਵਿਚਾਲੇ ਵਿਵਾਦ ਹੋਇਆ ਸੀ। ਯੂ.ਐੱਸ. ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਫੈੱਡਰਲ ਏਜੰਟ ਲੋਕਾਂ ਨੂੰ ਲੰਘਣ ਤੋਂ ਰੋਕਣ ਲਈ ਰਾਜਾਂ ਦੁਆਰਾ ਲਗਾਈਆਂ ਗਈਆਂ ਰੇਜ਼ਰ ਤਾਰਾਂ ਨੂੰ ਕੱਟ ਸਕਦੇ ਹਨ। ਉੱਧਰ 25 ਰਿਪਬਲਿਕਨ ਰਾਜਾਂ ਦੇ ਰਾਜਪਾਲਾਂ ਨੇ ਕਿਹਾ ਕਿ ਉਹ ਸਰਹੱਦ ਨੂੰ ਸੁਰੱਖਿਅਤ ਕਰਨ ਲਈ ਰੇਜ਼ਰ ਤਾਰ ਸਮੇਤ ਹਰ ਸੰਦ ਅਤੇ ਰਣਨੀਤੀ ਦੀ ਵਰਤੋਂ ਕਰਨ ਲਈ ਸਾਥੀ ਗਵਰਨਰ ਗ੍ਰੇਗ ਐਬੋਟ ਅਤੇ ਟੈਕਸਾਸ ਸੂਬੇ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ।