#INDIA

ਗੈਰਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣ ਵਾਲਾ ਪੰਜਾਬ ਦਾ ਇਮੀਗ੍ਰੇਸ਼ਨ ਏਜੰਟ ਦਿੱਲੀ ਹਵਾਈ ਅੱਡੇ ‘ਤੇ ਗ੍ਰਿਫ਼ਤਾਰ

-ਲੋਕਾਂ ਨੂੰ ਜਾਅਲੀ ਦਸਤਾਵੇਜ਼ ਅਤੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦਾ ਦੋਸ਼
ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ)- ਦਿੱਲੀ ਪੁਲਿਸ ਨੇ 36 ਸਾਲਾ ਪੰਜਾਬ ਦੇ ਇਕ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਯਾਤਰਾ ਦਸਤਾਵੇਜ਼ਾਂ ਨੂੰ ਜਾਅਲੀ ਬਣਾਉਣ ਅਤੇ ‘ਡੰਕੀ ਰੂਟ’ ਰਾਹੀਂ ਸੰਯੁਕਤ ਰਾਜ ਅਮਰੀਕਾ ‘ਚ ਗੈਰ-ਕਾਨੂੰਨੀ ਪ੍ਰਵੇਸ਼ ਦੀ ਸਹੂਲਤ ਦੇਣ ਵਿਚ ਸ਼ਾਮਲ ਸੀ। ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀ, ਜਿਸਦੀ ਪਛਾਣ ਨਰੇਸ਼ ਕੁਮਾਰ ਵਾਸੀ ਪਟਿਆਲਾ ਪਿੰਡ ਮਟੌਲੀ ਵਜੋਂ ਹੋਈ ਹੈ, ਨੂੰ ਅਮਰੀਕਾ ਤੋਂ ਇਕ ਭਾਰਤੀ ਯਾਤਰੀ ਦੇ ਦੇਸ਼ ਨਿਕਾਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੁਮਾਰ ਨੇ ਕਥਿਤ ਤੌਰ ‘ਤੇ ਜਾਅਲੀ ਸ਼ੈਨੇਗਨ ਵੀਜ਼ਾ ਦਾ ਪ੍ਰਬੰਧ ਕਰਨ ਲਈ ਹੋਰ ਏਜੰਟਾਂ ਨਾਲ ਕੰਮ ਕੀਤਾ ਸੀ ਅਤੇ ਬਾਅਦ ਵਿਚ ਜਾਅਲਸਾਜ਼ੀ ਨੂੰ ਛੁਪਾਉਣ ਲਈ ਯਾਤਰੀ ਦੇ ਪਾਸਪੋਰਟ ਨਾਲ ਛੇੜਛਾੜ ਕੀਤੀ ਸੀ। ਇਹ ਮਾਮਲਾ 4 ਅਤੇ 5 ਅਪ੍ਰੈਲ ਦੀ ਵਿਚਕਾਰਲੀ ਰਾਤ ਨੂੰ ਉਦੋਂ ਸਾਹਮਣੇ ਆਇਆ, ਜਦੋਂ ਇਕ ਡਿਪੋਰਟੀ, ਗੁਰਸਾਹਿਬ ਸਿੰਘ (39) ਅਮਰੀਕਾ ਤੋਂ ਆਈ.ਜੀ.ਆਈ. ਹਵਾਈ ਅੱਡੇ ‘ਤੇ ਪਹੁੰਚਿਆ। ਉਸਦੇ ਯਾਤਰਾ ਦਸਤਾਵੇਜ਼ਾਂ ਦੀ ਜਾਂਚ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ ਦੇ ਇੱਕ ਪੰਨੇ ‘ਤੇ ਗੂੰਦ ਦੇ ਨਿਸ਼ਾਨ ਦੇਖੇ, ਜੋ ਛੇੜਛਾੜ ਦੇ ਸੰਕੇਤ ਦਿੰਦੇ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਸਿੰਘ ‘ਤੇ ਬਾਅਦ ਵਿਚ ਆਈ.ਜੀ.ਆਈ. ਏਅਰਪੋਰਟ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਗਈ, ਜਿਸ ਦੌਰਾਨ ਉਸ ਨੇ ਕਾਰਵਾਈ ਦੇ ਵੇਰਵਿਆਂ ਦਾ ਖੁਲਾਸਾ ਕੀਤਾ। ਪੁਲਿਸ ਨੇ ਦੱਸਿਆ ਕਿ ਸਿੰਘ ਨੇ ਖੁਲਾਸਾ ਕੀਤਾ ਕਿ 2024 ਵਿਚ ਸਿੰਗਾਪੁਰ ਤੋਂ ਭਾਰਤ ਵਾਪਸ ਆਉਣ ਤੋਂ ਬਾਅਦ ਉਹ ਗੁਰਦੇਵ ਸਿੰਘ ਉਰਫ਼ ‘ਗੁਰੀ’ ਨਾਮਕ ਇੱਕ ਏਜੰਟ ਦੇ ਸੰਪਰਕ ਵਿਚ ਆਇਆ, ਜਿਸਨੇ ਉਸਨੂੰ 20 ਲੱਖ ਰੁਪਏ ਦੇ ਬਦਲੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਵਿਚ ਮਦਦ ਕਰਨ ਦਾ ਵਾਅਦਾ ਕੀਤਾ ਸੀ। ਸਿੰਘ ਨੇ 17 ਲੱਖ ਰੁਪਏ ਨਕਦ ਅਦਾ ਕੀਤੇ ਅਤੇ ਬਾਕੀ 3 ਲੱਖ ਰੁਪਏ ਇਕ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ, ਜੋ ਕਿ ਕੁਮਾਰ ਦਾ ਸੀ।
ਅਧਿਕਾਰੀ ਨੇ ਕਿਹਾ, ”ਲੰਬੀ ਪੁੱਛਗਿੱਛ ਦੌਰਾਨ ਨਰੇਸ਼ ਕੁਮਾਰ ਨੇ ਜਾਅਲਸਾਜ਼ੀ ਵਿਚ ਆਪਣੀ ਭੂਮਿਕਾ ਕਬੂਲ ਕੀਤੀ ਅਤੇ ਖੁਲਾਸਾ ਕੀਤਾ ਕਿ ਉਹ ਅਤੇ ਉਸ ਦਾ ਭਰਾ ਕਈ ਸਾਲਾਂ ਤੋਂ ਟ੍ਰੈਵਲ ਏਜੰਟ ਵਜੋਂ ਕੰਮ ਕਰ ਰਹੇ ਸਨ।” ”ਉਸਨੇ ਗੁਰਦੇਵ ਸਿੰਘ ਨਾਲ ਕਮਿਸ਼ਨ ਦੇ ਆਧਾਰ ‘ਤੇ ਕੰਮ ਕਰਨ ਦੀ ਗੱਲ ਕਬੂਲ ਕੀਤੀ ਅਤੇ ਯਾਤਰੀ ਤੋਂ 3 ਲੱਖ ਰੁਪਏ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ।” ਉਨ੍ਹਾਂ ਕਿਹਾ ਕਿ ਗੁਰਦੇਵ ਸਿੰਘ ਫਰਾਰ ਹੈ ਅਤੇ ਪਤਾ ਲਗਾਉਣ ਲਈ ਯਤਨ ਜਾਰੀ ਹਨ।