ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਪਾਕਿ ਯਾਤਰੂਆਂ ਦੀਆਂ ਰੌਣਕਾਂ!

115
Share

ਅੰਮਿ੍ਰਤਸਰ, 22 ਜੂਨ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਵਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਹਿਤ ਕਈ ਦਿਨਾਂ ਤੱਕ ਕਰਤਾਰਪੁਰ ਲਾਂਘਾ ਬੰਦ ਰੱਖੇ ਜਾਣ ਦੇ ਬਾਅਦ ਹੁਣ ਮੁੜ ਤੋਂ ਲਾਂਘਾ ਖੋਲ੍ਹੇ ਜਾਣ ਉਪਰੰਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਾਕਿ ਸੈਲਾਨੀਆਂ (ਯਾਤਰੂਆਂ) ਦੀਆਂ ਰੌਣਕਾਂ ਜੁੜਨੀਆਂ ਸ਼ੁਰੂ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਪਾਕਿਸਤਾਨੀ ਗ਼ੈਰ-ਸਿੱਖ ਯਾਤਰੂਆਂ ਦੇ ਗੁਰਦੁਆਰਾ ਸਾਹਿਬ ਵਿਖੇ ਆਉਣ ਲਈ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਸਮਾਂ ਤਹਿ ਕੀਤਾ ਗਿਆ ਹੈ। ਜਦਕਿ ਪਾਕਿਸਤਾਨੀ ਹਿੰਦੂ-ਸਿੱਖਾਂ ਲਈ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ ਅਤੇ ਉਨ੍ਹਾਂ ਪਾਸੋਂ ਗੁਰਦੁਆਰਾ ਸਾਹਿਬ ਵਿਖੇ ਆਉਣ ਲਈ ਕਿਸੇ ਤਰ੍ਹਾਂ ਦੀ ਕੋਈ ਦਾਖਲਾ ਫ਼ੀਸ ਨਹੀਂ ਵਸੂਲੀ ਜਾ ਰਹੀ ਹੈ, ਜਦਕਿ ਪਾਕਿ ਵਿਜ਼ਟਰ ਲਈ ਗੁਰਦੁਆਰਾ ਸਾਹਿਬ ’ਚ ਦਾਖ਼ਲੇ ’ਤੇ 200 ਰੁਪਏ ਟਿਕਟ ਲਗਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਭਾਰਤ ਵਲੋਂ ਕਰਤਾਰਪੁਰ ਲਾਂਘਾ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਸੀ। ਪਾਕਿ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਅਤੇ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਪਾਸੋਂ ਮੰਗ ਕੀਤੀ ਹੈ ਕਿ ਲਾਂਘੇ ਰਾਹੀਂ ਭਾਰਤੀ ਸੰਗਤ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਆਉਣ ਦੀ ਖੁੱਲ੍ਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਲਾਂਘੇ ਰਾਹੀਂ ਭਾਰਤ ਵਲੋਂ ਆਉਣ ਵਾਲੀ ਸੰਗਤ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਹਰ ਤਰ੍ਹਾਂ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

Share